ਜਨਜੀਵਨ ਦੀ ਸਥਾਪਤੀ ਲਈ ਸਮਾਜਿਕ ਤਾਲਮੇਲ ਜ਼ਰੂਰੀ: ਕਾਹਨੇ ਕੇ
ਸੁਰਜੀਤ ਮਜਾਰੀ
ਨਵਾਂ ਸ਼ਹਿਰ, 24 ਜੂਨ
ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਨੁਮਾਇੰਦਿਆਂ ਵੱਲੋਂ ਸਮਾਜ ਨੂੰ ਸੇਧਕ ਪ੍ਰੇਰਨਾ ਹਿੱਤ ਵਿਚਾਰਾਂ ਦੀ ਸਾਂਝ ਪਾਈ ਗਈ। ਉਨ੍ਹਾਂ ਵਿਰਾਸਤ ਦੀ ਸੰਭਾਲ ਤੇ ਇਤਿਹਾਸ ਨਾਲ ਜੁੜਨ ਹਿੱਤ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇ ਕੇ ਨੇ ਕਿਹਾ ਕਿ ਜਨ ਜੀਵਨ ਦੀ ਸਾਰਥਿਕਤਾ ਲਈ ਸਮਾਜਿਕ ਸਾਂਝ ਦੀ ਹੋਂਦ ਜ਼ਰੂਰੀ ਹੈ।
ਫਾਊਂਡੇਸ਼ਨ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਬਡਰੁੱਖਾਂ ਦਾ ਕਹਿਣ ਸੀ ਕਿ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਜਿੱਥੇ ਇਤਿਹਾਸ ਅਤੇ ਵਿਰਸਾ ਸੰਭਾਲਣ ਲਈ ਜ਼ਮੀਨੀ ਪੱਧਰ ’ਤੇ ਸੇਵਾਵਾਂ ਨੂੰ ਸਮਰਪਿਤ ਹੈ ਉੱਥੇ ਲੋੜਵੰਦ ਵਰਗ ਦੇ ਸਹਿਯੋਗ ਲਈ ਵੀ ਤੱਤਪਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਜਿਹੇ ਕਾਰਜਾਂ ਵਿੱਚ ਆਪਣੀ ਕਿਰਤ ਕਮਾਈ ’ਚੋਂ ਦਸਵੰਧ ਕੱਢ ਕੇ ਯੋਗਦਾਨ ਪਾਉਂਦੇ ਹਨ, ਉਹ ਸਦਾ ਪ੍ਰੇਰਨਾ ਦੇ ਪਾਤਰ ਬਣਦੇ ਹਨ। ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਅਤੇ ਦਰਬਾਰਾ ਸਿੰਘ ਧੌਲਾ ਨੇ ਵੀ ਉਕਤ ਵਿਚਾਰਾਂ ਦੀ ਪ੍ਰੋੜ੍ਹਤਾ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਸੋਚ ਨੂੰ ਸੁਨਹਿਰਾ ਕਰਦਿਆਂ ਸਮਰਪਿਤ ਭਾਵਨਾਵਾਂ ਵਿੱਚ ਲਬਰੇਜ਼ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਰਥਕ ਨਤੀਜਿਆਂ ਦੀ ਆਸ ਨਹੀਂ ਰੱਖੀ ਜਾ ਸਕਦੀ।