ਸਾਬਕਾ ਪੁਲੀਸ ਅਧਿਕਾਰੀ ਦੇ ਭੋਗ ਮੌਕੇ ਨਾਅਰੇਬਾਜ਼ੀ
ਸਾਬਕਾ ਪੁਲੀਸ ਅਧਿਕਾਰੀ ਸੂਬਾ ਸਿੰਘ ਦੇ ਭੋਗ ਮੌਕੇ ਅੱਜ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਕੁਝ ਨਿਹੰਗ ਸਿੰਘ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਭੋਗ ਸਮਾਗਮ ਵਿੱਚ ਵਿਘਨ ਪਾਉਣ ਦਾ ਯਤਨ ਕੀਤਾ। ਸਾਬਕਾ ਪੁਲੀਸ ਅਧਿਕਾਰੀ ਸੂਬਾ ਸਿੰਘ ਦੀ ਪਟਿਆਲਾ ਜੇਲ੍ਹ ਵਿੱਚ ਵਾਪਰੀ ਇੱਕ ਘਟਨਾ ਦੌਰਾਨ ਮੌਤ ਹੋ ਗਈ ਸੀ।
ਪੁਲੀਸ ਨੇ ਸਿੱਖ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਸ਼ਾਮ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ ਵਿੱਚ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ, ਭੁਪਿੰਦਰ ਸਿੰਘ, ਰਾਜਬੀਰ ਸਿੰਘ, ਹਰਜੋਤ ਸਿੰਘ ਖਾਲਸਾ ਆਦਿ ਸ਼ਾਮਲ ਸਨ। ਪੁਲੀਸ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਮਕਬੂਲਪੁਰਾ ਥਾਣੇ ਲੈ ਆਈ, ਜਿੱਥੇ ਉਨ੍ਹਾਂ ਨੂੰ ਭੋਗ ਸਮਾਗਮ ਦੀ ਸਮਾਪਤੀ ਤੱਕ ਰੱਖਿਆ ਗਿਆ। ਨੌਜਵਾਨ ਆਗੂ ਰਣਜੀਤ ਸਿੰਘ ਦਮਦਮੀ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਭੋਗ ਸਮਾਗਮ ਦਾ ਵਿਰੋਧ ਕਰਨ ਲਈ ਪੁੱਜੇ ਸਨ। ਇਸ ਦੌਰਾਨ ਪੁਲੀਸ ਨਾਲ ਤਕਰਾਰ ਵੀ ਹੋਈ ਅਤੇ ਬਾਅਦ ਵਿੱਚ ਉਹ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਆਏ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਿੰਘ ਕਈ ਸਿੱਖ ਨੌਜਵਾਨਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੈ।
ਸਹਾਇਕ ਪੁਲੀਸ ਕਮਿਸ਼ਨਰ ਡਾ. ਸ਼ੀਤਲ ਸਿੰਘ ਦੀ ਨਿਗਰਾਨੀ ਹੇਠ ਸਮਾਗਮ ਵਾਲੀ ਥਾਂ ’ਤੇ ਪੁਲੀਸ ਸੁਰੱਖਿਆ ਤਾਇਨਾਤ ਕੀਤੀ ਗਈ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤਮਈ ਢੰਗ ਨਾਲ ਹੀ ਸਮਾਗਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ 10 ਸਤੰਬਰ ਨੂੰ ਪਟਿਆਲਾ ਜੇਲ੍ਹ ਵਿੱਚ ਸੂਬਾ ਸਿੰਘ ਅਤੇ ਉਥੇ ਹੀ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਨਾਲ ਝੜਪ ਹੋ ਗਈ ਸੀ। ਇਸ ਦੌਰਾਨ ਜ਼ਖ਼ਮੀ ਹੋਏ ਸੂਬਾ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।