ਫਿਲੌਰ ਰੇਲਵੇ ਸਟੇਸ਼ਨ ’ਤੇ ਹੁਣ ਛੇ ਰੇਲ ਗੱਡੀਆਂ ਰੁਕਣਗੀਆਂ
ਫਿਲੌਰ ਰੇਲਵੇ ਸਟੇਸ਼ਨ ’ਤੇ ਛੇ ਰੇਲਗੱਡੀਆਂ ਜਲਦੀ ਠਹਿਰਾਅ ਹੋਵੇਗਾ। 1947 ਤੋਂ ਮਦਰਾਸ ਤੋਂ ਜੰਮੂ, ਕੰਨਿਆਕੁਮਾਰੀ ਤੋਂ ਜੰਮੂ ਤਵੀ ਅਤੇ ਮੰਗੋਲਪੁਰ ਤੋਂ ਜੰਮੂ ਤਵੀ ਜਾਣ ਵਾਲੀਆਂ ਹੀ ਰੇਲਗੱਡੀਆਂ ਫਿਲੌਰ ਰੇਲਵੇ ਸਟੇਸ਼ਨ ’ਤੇ ਰੁਕਦੀਆਂ ਸਨ। 2021 ਵਿੱਚ, ਜਦੋਂ ਕਰੋਨਾ ਮਗਰੋਂ ਆਵਾਜਾਈ ਦੁਬਾਰਾ ਸ਼ੁਰੂ ਹੋਈ ਤਾਂ ਇੱਥੇ ਇਨ੍ਹਾਂ ਰੇਲਗੱਡੀਆਂ ਦਾ ਰੁਕਣਾ ਬੰਦ ਹੋ ਗਿਆ। ਰੋਜ਼ਾਨਾ ਯਾਤਰੀ ਸੰਘ ਦੇ ਮੁਖੀ ਸ਼ੁਭ ਲਖਨ ਜੁਨੇਜਾ ਅਤੇ ਸਮਾਜ ਸੇਵੀ ਨਰੇਸ਼ ਸ਼ਰਮਾ ਪਿਛਲੇ 2 ਸਾਲਾਂ ਤੋਂ ਰੇਲਾਂ ਦੇ ਠਹਿਰਾਅ ਲਈ ਚਾਰਾਜੋਈ ਕਰ ਰਹੇ ਸਨ। ਉਨ੍ਹਾਂ ਦੇ ਯਤਨਾਂ ਨੂੰ ਅੱਜ ਉਸ ਸਮੇਂ ਬੂਰ ਪਿਆ ਜਦੋਂ ਇੱਥੋਂ ਦੇ ਰੇਲਵੇ ਅਧਿਕਾਰੀ ਸ਼ੋਬਧ ਕਾਂਤ ਨੇ ਦੱਸਿਆ ਕਿ ਜਲਦੀ ਹੀ ਰੇਲਗੱਡੀ ਨੰਬਰ 16031, 16032, 16687, 16688 16317,16318 ਨੂੰ ਫਿਲੌਰ ’ਚ ਰੁਕਣ ਦਾ ਮੌਕਾ ਦਿੱਤਾ ਜਾਵੇਗਾ। ਇਸ ਸਬੰਧੀ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਜਲੰਧਰ ਦੇ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਫਿਲੌਰ ਦੇ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਨੂੰ ਬੁਲਾਇਆ ਜਾਵੇਗਾ।