ਰਾਵੀ ’ਚ ਪਾਣੀ ਦਾ ਪੱਧਰ ਵਧਣ ਕਾਰਨ ਹਾਲਾਤ ਬਦਤਰ
ਰਾਵੀ ਦਰਿਆ ਵਿਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਅੱਜ ਹੋਰ ਦਰਜਨਾਂ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਹਨ ਜਿਸ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹੜ੍ਹ ਪ੍ਰਭਾਵਿਤ ਖੇਤਰ ਵਿੱਚ ਲੋਕਾਂ ਨੂੰ ਫੌਜ ਵੱਲੋਂ ਕੱਢਿਆ ਜਾ ਰਿਹਾ ਹੈ। ਅਜੇ ਵੀ ਸੈਂਕੜੇ ਲੋਕ ਘਰਾਂ ਵਿੱਚ ਫਸੇ ਹੋਏ ਹਨ ਅਤੇ ਫੌਜ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਕੋਸ਼ਿਸ਼ਾਂ ਕਰਕੇ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਚਾਰਾ ਨਾ ਮਿਲਣ ਕਾਰਨ ਡੰਗਰਾਂ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ। ਇਸ ਮੌਕੇ ਹੜ੍ਹਾਂ ਦੇ ਪਾਣੀ ਨੇ 80 ਦੇ ਕਰੀਬ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪਾਣੀ ਕਈ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਜਾਣ ਕਰਕੇ ਰਾਹਤ ਕਾਰਜਾਂ ਵਿਚ ਵੀ ਮੁਸ਼ਕਲਾਂ ਆ ਰਹੀਆਂ ਹਨ। ਰਾਹਤ ਕਾਰਜਾਂ ਲਈ ਟਰੈਕਟਰ, ਕਿਸ਼ਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਲੋਕਾਂ ਨੂੰ ਵੱਖ ਵੱਖ ਕੈਂਪਾਂ ਵਿੱਚ ਲਿਆਂਦਾ ਜਾ ਰਿਹਾ ਹੈ। ਪਾਣੀ ਦਾ ਪੱਧਰ ਵਧਣ ਕਾਰਨ ਹੋਰਨਾਂ ਪਿੰਡਾਂ ਦੇ ਲੋਕਾਂ ਵਿੱਚ ਵੀ ਸਹਿਮ ਪਾਇਆ ਜਾ ਰਿਹਾ ਹੈ। ਕਈ ਹੋਰ ਪਿੰਡ ਖਾਲੀ ਕਰਵਾਏ ਜਾ ਰਹੇ ਹਨ। ਪਾਣੀ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਰਾਹਤ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਪ੍ਰਭਾਰੀ ਸਕੱਤਰ ਕਮਲ ਕਿਸ਼ੋਰ ਯਾਦਵ ਵਲੋਂ ਇਥੇ ਚਲ ਰਹੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਵੀ ਵਿਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਕਾਰਨ 50 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਹੁਣ ਤੱਕ ਟੀਮਾਂ ਨੇ ਪਾਣੀ ਵਿੱਚ ਘਿਰੇ ਇਕ ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਲਿਆਂਦਾ ਹੈ। ਰੈਡ ਕਰਾਸ ਦੀ ਸਹਾਇਤਾ ਨਾਲ ਹੜ੍ਹ ਪੀੜਤਾਂ ਨੂੰ 45000 ਦੇ ਕਰੀਬ ਪਾਣੀ ਦੀਆਂ ਬੋਤਲਾਂ ਅਤੇ 17000 ਤੋਂ ਵਧੇਰੇ ਫੂਡ ਪੈਕਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਐਗਰੋ ਦੀ ਸਹਾਇਤਾ ਨਾਲ 100 ਕੁਇੰਟਲ ਦੇ ਕਰੀਬ ਸੁੱਕਾ ਚਾਰਾ ਅਤੇ 50-50 ਕਿਲੋਗਰਾਮ ਦੇ 850 ਬੈਗ ਫੀਡ ਪਸ਼ੂਆਂ ਲਈ ਵੰਡੇ ਜਾ ਚੁੱਕੇ ਹਨ। ਜ਼ਿਲ੍ਹਾ ਪੁਲੀਸ ਮੁਖੀ ਮਨਿੰਦਰ ਸਿੰਘ ਆਪਣੀ ਟੀਮ ਨਾਲ ਨਿਰੰਤਰ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਕੰਮ ਕਰ ਰਹੇ ਹਨ। ਹੜ੍ਹ ਪੀੜ੍ਹਤ ਇਲਾਕੇ ਵਿੱਚ ਸਕੂਲਾਂ ਦਾ ਦੌਰਾ ਕਰਕੇ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜੱਟਾਂ, ਪੱਛੀਆਂ, ਨਿਸੋਕੇ, ਨੰਗਲ ਸੋਹਲ, ਮਾਛੀਵਾਲਾ, ਬਾਊਲੀ, ਰਮਦਾਸ, ਗੱਗੋਮਾਹਲ, ਅਵਾਣ, ਮਲਕਪੁਰ, ਦੂਜੋਵਾਲ, ਥੋਬਾ, ਅਤੇ ਸੂਫੀਆਂ ਦੇ ਸਕੂਲਾਂ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਪਾਣੀ ਵਿੱਚ ਘਿਰੀਆਂ ਹੋਈਆਂ ਹਨ। ਚਮਿਆਰੀ ਅਤੇ ਸੁਧਾਰ ਸਕੂਲਾਂ ਵਿੱਚ ਹੜ੍ਹ ਪੀੜ੍ਹਤ ਦੀ ਮਦਦ ਲਈ ਆਏ ਫੌਜ ਦੇ ਜਵਾਨਾਂ ਨੇ ਆਪਣੀ ਰਿਹਾਇਸ਼ ਬਣਾਈ ਹੋਈ ਹੈ ਜਿਨ੍ਹਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।