ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਧੋਪੁਰ ਹੈੱਡਵਰਕਸ ’ਤੇ ਸਥਿਤੀ ਕਾਬੂ ਹੇਠ: ਮੁੱਖ ਇੰਜਨੀਅਰ

ਹਡ਼੍ਹ ਦੇ ਪਾਣੀ ’ਚੋਂ ਮਿਲੀ ਨੌਂ ਸਾਲਾ ਗੁੱਜਰ ਬੱਚੀ ਦੀ ਲਾਸ਼; ਪਰਿਵਾਰ ਦੇ ਤਿੰਨ ਜੀਅ ਹਾਲੇ ਵੀ ਲਾਪਤਾ
ਜੰਮੂ ਕਸ਼ਮੀਰ ਦੇ ਲਖਨਪੁਰ ਵਾਲੇ ਪਾਸੇ ਰਾਵੀ ਦਰਿਆ ਦੇ ਪਾਣੀ ਵੱਲੋਂ ਸੜਕ ਨੂੰ ਲਾਇਆ ਜਾ ਰਿਹਾ ਖੋਰਾ।
Advertisement

ਵਾਟਰ ਰਿਸੋਰਸਜ਼ ਵਿਭਾਗ ਦੇ ਮੁੱਖ ਇੰਜਨੀਅਰ ਸ਼ੇਰ ਸਿੰਘ ਨੇ ਅੱਜ ਮਾਧੋਪੁਰ ਦਾ ਦੌਰਾ ਕੀਤਾ ਅਤੇ ਉਥੇ ਲੰਘੇ ਕੱਲ੍ਹ ਟੁੱਟ ਗਏ ਤਿੰਨ ਗੇਟਾਂ ਅਤੇ ਰੁੜ੍ਹ ਗਏ ਇੱਕ ਮੁਲਾਜ਼ਮ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ।

ਮਾਧੋਪੁਰ ਹੈੱਡਵਰਕਸ ’ਤੇ ਰੁੜ੍ੇ ਗੇਟ।

ਉਨ੍ਹਾਂ ਉਥੇ ਮੌਜੂਦ ਇੰਜੀਨੀਅਰਾਂ ਨਾਲ ਵੀ ਮੀਟਿੰਗ ਕੀਤੀ ਤੇ ਬਾਅਦ ਵਿੱਚ ਉਹ ਮਾਧੋਪੁਰ ਤੋਂ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਰ ਸਥਾਨਾਂ ਦਾ ਵੀ ਜਾਇਜ਼ਾ ਲੈਣ ਚਲੇ ਗਏ। ਇਸ ਪੱਤਰਕਾਰ ਨਾਲ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਲੰਘੇ ਦਿਨ ਜੋ ਤਿੰਨ ਗੇਟ ਟੁੱਟ ਕੇ ਰੁੜ੍ਹ ਗਏ ਹਨ, ਉਨ੍ਹਾਂ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ। ਹੈੱਡਵਰਕਸ ਦੇ ਕੁੱਲ 54 ਗੇਟ ਹਨ ਅਤੇ ਅੰਗਰੇਜ਼ਾਂ ਵੇਲੇ ਦੇ ਬਣੇ ਹੋਏ ਹਨ। ਇਹ ਤਾਂ ਇੱਕ ਤਰ੍ਹਾਂ ਨਾਲ ਖੰਡਰਾਤ ਹੀ ਹਨ ਕਿਉਂਕਿ ਹੁਣ ਸ਼ਾਹਪੁਰਕੰਢੀ ਡੈਮ ਦਾ ਹੈਡ ਰੈਗੂਲੇਟਰ ਬਣ ਚੁੱਕਾ ਹੈ ਅਤੇ ਉਥੇ ਵੀ ਰਣਜੀਤ ਸਾਗਰ ਡੈਮ ਦੀ ਝੀਲ ਦੇ ਇਲਾਵਾ ਇੱਕ ਨਵੀਂ ਝੀਲ ਹੋਂਦ ਵਿੱਚ ਆ ਚੁੱਕੀ ਹੈ। ਉਥੋਂ ਹੀ ਨਵੇਂ ਹੈਡ ਰੈਗੂਲੇਟਰ ਤੋਂ ਪਾਣੀ ਕੰਟਰੋਲ ਕੀਤਾ ਜਾਵੇਗਾ ਭਾਵ ਪੰਜਾਬ ਦੀਆਂ ਨਹਿਰਾਂ (ਯੂਬੀਡੀਸੀ ਹਾਈਡਲ ਤੇ ਐਮਬੀ ਲਿੰਕ ਨਹਿਰ) ਨੂੰ ਛੱਡਿਆ ਜਾਵੇਗਾ।

Advertisement

ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਮਾਧੋਪੁਰ ਹੈੱਡਵਰਕਸ ਰਾਹੀਂ ਛੋਟੀਆਂ ਖੱਡਾਂ ਅਤੇ ਚਮੇਰਾ ਡੈਮ ਦੀ ਤਰਫੋਂ ਆ ਰਿਹਾ ਪਾਣੀ ਹੀ ਅੱਗੇ ਜਾ ਰਿਹਾ ਹੈ। ਅੱਜ ਰਣਜੀਤ ਸਾਗਰ ਡੈਮ ਦੀ ਝੀਲ ਅੰਦਰ ਪਾਣੀ ਦਾ ਪੱਧਰ 525.150 ਮੀਟਰ ਦਰਜ ਕੀਤਾ ਗਿਆ ਅਤੇ ਚਮੇਰਾ ਦੀ ਤਰਫੋਂ ਝੀਲ ਵਿੱਚ 61 ਹਜ਼ਾਰ 831 ਕਿਊਸਿਕ ਪਾਣੀ ਦਾਖਲ ਹੋ ਰਿਹਾ ਸੀ, ਜਦ ਕਿ ਡੈਮ ਤੋਂ 73 ਹਜ਼ਾਰ 936 ਕਿਊਸਿਕ ਪਾਣੀ ਮਾਧੋਪੁਰ ਦੀ ਤਰਫ ਛੱਡਿਆ ਜਾ ਰਿਹਾ ਸੀ।

ਮਾਧੋਪੁਰ ਵਿੱਚ ਜੰਮੂ ਨੂੰ ਜਾਣ ਵਾਲੇ ਟਰੱਕਾਂ ਦੀ ਲੱਗੀ ਲਾਈਨ।

 

ਮੌਕਾ ਦੇਖਣ ’ਤੇ ਪਤਾ ਲੱਗਿਆ ਕਿ ਰਾਵੀ ਦਰਿਆ ਦਾ ਪਾਣੀ ਜੰਮੂ ਕਸ਼ਮੀਰ ਦੇ ਲਖਨਪੁਰ ਵਾਲੇ ਪਾਸੇ ਬੰਦ ਹੋ ਚੁੱਕੇ ਪੁਲ ਨਾਲ ਲੱਗਦੀ ਸੜਕ ਨੂੰ ਹੋਰ ਖੋਰਾ ਲਗਾ ਰਿਹਾ ਹੈ, ਜਿਸ ਨਾਲ ਉਥੇ ਜੰਮੂ ਕਸ਼ਮੀਰ ਦੇ ਐਨੀਮਲ ਹਸਬੈਂਡਰੀ ਵਿਭਾਗ ਦੀ ਇਮਾਰਤ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਉਥੇ ਸਿਰਫ ਹੁਣ ਦੋ ਪੁਲਾਂ ਵਿੱਚੋਂ ਸਿਰਫ ਇੱਕ ਪੁਲ ਨੂੰ ਹੀ ਵਰਤਿਆ ਜਾ ਰਿਹਾ ਹੈ, ਜਿਸ ਕਾਰਨ ਮਾਧੋਪੁਰ ਵਿਖੇ ਪੰਜਾਬ ਦੀ ਤਰਫੋਂ ਜੰਮੂ ਨੂੰ ਜਾਣ ਵਾਲੇ ਟਰੱਕਾਂ ਦੀ ਕਰੀਬ 2-3 ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਸੀ ਕਿਉਂਕਿ ਪੁਲ ਤੋਂ ਹੌਲੀ-ਹੌਲੀ ਟਰੈਫਿਕ ਲੰਘਾਇਆ ਜਾ ਰਿਹਾ ਹੈ।

 

ਦੂਜੇ ਪਾਸੇ ਦੋ ਦਿਨ ਪਹਿਲਾਂ ਆਏ ਹੜ੍ਹ ਦੇ ਪਾਣੀ ਨੇ ਕਥਲੌਰ ਵਿੱਚ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ ਸੀ ਅਤੇ ਪਾਣੀ ਕੋਹਲੀਆਂ, ਪੋਲਾ ਆਦਿ ਪਿੰਡਾਂ ਵਿੱਚ ਜਾ ਵੜਿਆ ਸੀ। ਇੱਕ ਨੌਂ ਸਾਲਾ ਗੁੱਜਰ ਬੱਚੀ ਦੀ ਲਾਸ਼ ਅੱਜ ਹੜ੍ਹ ਦੇ ਪਾਣੀ ਵਿੱਚ ਤੈਰਦੀ ਮਿਲੀ, ਜਦ ਕਿ ਉਸ ਦੇ ਤਿੰਨ ਹੋਰ ਪਰਿਵਾਰਕ ਮੈਂਬਰ ਲਾਪਤਾ ਹਨ।

Advertisement
Tags :
Latest punjabi tribunepunjab floodPunjab Flood UpdatePunjabi Newspunjabi news latestpunjabi tribune updateਪੰਜਾਬ ਹਡ਼੍ਹਪੰਜਾਬੀ ਖ਼ਬਰਾਂ
Show comments