ਦੋਨਾਲੀ ਸਾਫ਼ ਕਰਦਿਆਂ ਗੋਲੀ ਚੱਲੀ; ਮੌਤ
ਥਾਣਾ ਭਾਰਗੋ ਕੈਂਪ ਦੀ ਹੱਦ ’ਚ ਪੈਂਦੇ ਕਾਲਾ ਸੰਘਿਆ ਰੋਡ ’ਤੇ ਸਥਿਤ ਅਮਰ ਐਨਕਲੇਵ ’ਚ ਲਾਇਸੈਂਸੀ ਦੋਨਾਲੀ ਸਾਫ ਕਰਦੇ ਹੋਏ ਗੋਲੀ ਚੱਲਣ ਨਾਲ ਵਿਅਕਤੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਹਰੀਸ਼ ਚੰਦਰ (72) ਵਾਸੀ ਅਮਰ ਇਨਕਲੇਵ ਕਾਲਾ ਸਿੰਘਾ ਰੋਡ ਅੱਜ ਆਪਣੇ ਘਰ ਦੇ ਬਾਹਰ ਬੈਠ ਕੇ ਦੋਨਾਲੀ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਲਈ ਜੋ ਕਿ ਹਰੀਸ਼ ਚੰਦਰ ਦੇ ਜਾ ਕੇ ਲੱਗੀ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਗੋਲੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਏ ਸੀ ਪੀ ਵੈਸਟ ਸਵਰਨਜੀਤ ਸਿੰਘ ਪੁਲੀਸ ਪਾਰਟੀ ਸਣੇ ਮੌਕੇ ’ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭੇਜ ਦਿੱਤੀ ਹੈ। ਏ ਸੀ ਪੀ ਸਵਰਨਜੀਤ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਮੁਤਾਬਕ ਹਰੀਸ਼ ਚੰਦਰ ਦੋਨਾਲੀ ਸਾਫ ਕਰ ਰਿਹਾ ਸੀ ਕਿ ਅਚਾਨਕ ਉਸ ’ਚੋਂ ਗੋਲੀ ਚੱਲ ਪਈ ਅਤੇ ਜਾ ਕੇ ਹਰੀਸ਼ ਚੰਦਰ ਦੇ ਲੱਗੀ, ਇਸ ਨਾਲ ਉਸ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭੇਜੀ ਹੈ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਮੌਤ ਦਾ ਅਸਲ ਕਾਰਨ ਕੀ ਹੈ। ਏ ਸੀ ਪੀ ਸਵਰਨਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲੀਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰੇਗੀ।
