ਦੁਕਾਨ ਨੂੰ ਅੱਗ ਲੱਗੀ, ਮਾਲਕ ਸਣੇ ਦੋ ਜ਼ਖ਼ਮੀ
ਇੱਥੇ ਬੀਤੀ ਰਾਤ ਰਤਨਪੁਰਾ ਫ਼ਾਟਕ ਨੇੜੇ ਮੋਬਾਈਲਾਂ ਦੀ ਦੁਕਾਨ ਅਚਾਨਕ ਭਿਆਨਕ ਅੱਗ ਦੀ ਲਪੇਟ ’ਚ ਆ ਗਈ। ਦੁਕਾਨ ਮਾਲਕ ਨਿਤੀਸ਼ ਕੁਮਾਰ ਵਾਸੀ ਵਿਕਾਸ ਨਗਰ ਨੇ ਦੱਸਿਆ ਕਿ ਉਸਦੀ ਐਨ.ਐਸ. ਮੋਬਾਈਲ ਵਰਲਡ ਦੁਕਾਨ ਹੈ। ਉਹ ਦਵਾਈ ਲੈਣ ਲਈ ਆਪਣੇ ਦੋਸਤ ਨਾਲ ਹਸਪਤਾਲ ਗਿਆ ਹੋਇਆ ਸੀ ਤੇ ਉੱਥੇ ਬੈਠਿਆਂ ਜਦੋਂ ਉਸਨੇ ਦੁਕਾਨ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਹ ਬੰਦ ਪਏ ਸਨ। ਸ਼ੱਕ ਹੋਣ ’ਤੇ ਉਹ ਆਪਣੇ ਸਾਥੀ ਦੀਪਕ ਕੁਮਾਰ ਨਾਲ ਦੁਕਾਨ ’ਤੇ ਪਹੁੰਚਿਆ। ਜਿਵੇਂ ਹੀ ਉਨ੍ਹਾਂ ਦੁਕਾਨ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰੋਂ ਜਬਰਦਸਤ ਧਮਾਕਾ ਹੋਇਆ ਤੇ ਉਹ ਦੋਵੇਂ ਝੁਲਸ ਗਏ ਜਿਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਨਿਤੀਸ਼ ਨੇ ਦੱਸਿਆ ਕਿ ਇਸ ਘਟਨਾ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਦੁਕਾਨ ਤਬਾਹ ਹੋ ਗਈ। ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪੁੱਜੀ ਤੇ ਅੱਗ ’ਤੇ ਕਾਬੂ ਪਾਇਆ। ਫ਼ਾਇਰ ਅਫ਼ਸਰ ਕਮਲ ਨੇ ਦੱਸਿਆ ਕਿ ਉਨ੍ਹਾਂ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਹੈ।