ਐੱਸਐੱਚਓ ਤੇ ਏਐੱਸਆਈ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ
ਭਗਵਾਨ ਦਾਸ ਸੰਦਲ
ਦਸੂਹਾ, 29 ਅਗਸਤ
ਵਿਜੀਲੈਂਸ ਬਿਊਰੋ ਨੇ ਥਾਣਾ ਦਸੂਹਾ ਦੇ ਐੱਸਐੱਚਓ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਉਸ ਦੇ ਡਰਾਈਵਰ ਏਐੱਸਆਈ ਯੋਗਰਾਜ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਬਲਵਿੰਦਰ ਸਿੰਘ ਵਾਸੀ ਸੈਦੋਵਾਲ ਕਲਾਂ ਜ਼ਿਲ੍ਹਾ ਗੁਰਦਾਸਪੁਰ ਦੀ ਸ਼ਿਕਾਇਤ ’ਤੇ ਕੀਤੀ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਤਾਏ ਦੇ ਲੜਕੇ ਗੁਰਨਾਮ ਸਿੰਘ ਨੇ ਥਾਣਾ ਦਸੂਹਾ ਵਿੱਚ ਹੀਰਾ ਲਾਲ ਪਾਦਰੀ ਲੁਧਿਆਣਾ ਅਤੇ ਮਲਕੀਤ ਸਿੰਘ ਵਾਸੀ ਭੂੰਡੇਵਾਲ ਖਿਲਾਫ਼ ਕੇਸ ਦਰਜ ਕਰਵਾਇਆ ਹੋਇਆ ਸੀ। 6 ਜੁਲਾਈ ਨੂੰ ਹੀਰਾ ਲਾਲ ਪਾਦਰੀ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਕੇ ਦਸੂਹਾ ਲਿਆਂਦਾ ਗਿਆ ਸੀ, ਜਿੱਥੇ ਦੂਸਰਾ ਮੁਲਜ਼ਮ ਮਲਕੀਤ ਸਿੰਘ ਵੀ ਮੌਜੂਦ ਸੀ ਜੋ ਸ਼ਿਕਾਇਤਕਰਤਾ ਦੇ ਭਰਾਵਾਂ ਨਾਲ ਹੱਥੋਪਾਈ ਹੋ ਗਿਆ। ਥਾਣਾ ਮੁਖੀ ਨੇ ਉਸ ਦੇ ਭਰਾਵਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਧਮਕੀ ਦਿੰਦਿਆਂ ਇਕ ਲੱਖ ਰੁਪਏ ਦੀ ਮੰਗ ਕੀਤੀ। ਥਾਣਾ ਮੁਖੀ ਨੇ ਸ਼ਿਕਾਇਤਕਰਤਾ ਤੋਂ ਉਸੇ ਦਿਨ 20 ਹਜ਼ਾਰ ਰੁਪਏ ਲੈ ਕੇ ਉਸ ਦੇ ਭਰਾਵਾਂ ਨੂੰ ਛੱਡ ਦਿੱਤਾ। ਬਾਅਦ ਵਿੱਚ ਮਲਕੀਤ ਸਿੰਘ ਦੇ ਬਿਆਨਾਂ ’ਤੇ ਸ਼ਿਕਾਇਤਕਰਤਾ ਦੇ ਭਰਾਵਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ, ਕਿਉਂਕਿ ਥਾਣਾ ਮੁਖੀ ਸ਼ਿਕਾਇਤਕਰਤਾ ਤੋਂ ਬਾਕੀ ਰਹਿੰਦੀ ਰਿਸ਼ਵਤ ਦੀ ਰਕਮ ਮੰਗ ਰਿਹਾ ਸੀ। ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਵਿਜੀਲੈਂਸ ਦੀ ਟੀਮ ਨੇ ਅੱਜ ਐੱਸਐੱਚਓ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਉਸ ਦੇ ਡਰਾਈਵਰ ਏਐੱਸਆਈ ਯੋਗਰਾਜ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਚਓ ਦੀ ਸਰਕਾਰੀ ਗੱਡੀ ਵੀ ਕਬਜ਼ੇ ’ਚ ਲੈ ਲਈ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਨੂੰ ਭਲਕੇ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।