ਸ਼ਹੀਦੀ ਨਗਰ ਕੀਰਤਨ ਆਗਰਾ ਪੁੱਜਿਆ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ’ਚ ਅੱਜ ਡੇਰਾ ਕਾਰ ਸੇਵਾ ਦਿੱਲੀ ਵਾਲੇ ਗੜ੍ਹ ਮੁਕਤੇਸ਼ਵਰ ਤੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਲਈ ਰਵਾਨਾ ਹੋਇਆ ਅਤੇ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆਂ ਅੱਜ ਆਪਣੀ ਮੰਜ਼ਿਲ ਤ’ੇ ਪੁੱਜ ਗਿਆ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ। ਇਸ ਮੌਕੇ ਗੜ੍ਹ ਮੁਕਤੇਸ਼ਵਰ ਤੋਂ ਵਿਧਾਇਕ ਹਰਿੰਦਰ ਤੇਵੜੀਆ, ਚੌਧਰੀ ਰਵਿੰਦਰ ਸਿੰਘ, ਹਾਪੁੜ ਤੋਂ ਵਿਧਾਇਕ ਵਿਜੇਪਾਲ, ਜ਼ਿਲ੍ਹਾ ਜੱਜ ਗੁਰਪ੍ਰੀਤ ਸਿੰਘ ਨੇ ਸਮਾਗਮ ਸਮੇਂ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਹ ਨਗਰ ਕੀਰਤਨ ਹਾਪੁੜ, ਬੁਲੰਦ ਸ਼ਹਿਰ, ਅਲੀਗੜ੍ਹ, ਹਾਥਰਸ ਤੋਂ ਹੁੰਦਾ ਹੋਇਆ ਗੁਰਦੁਆਰਾ ਦੂਖਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਵਿਖੇ ਪੁੱਜਾ। ਇਸ ਦੌਰਾਨ ਸੰਭਾਵਲੀ ਸ਼ੂਗਰ ਮਿੱਲ ਹਾਪੁੜ ਦੇ ਪ੍ਰਬੰਧਕਾਂ ਵੱਲੋਂ ਵੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ ਗਈ। ਇਸੇ ਦੌਰਾਨ ਹਾਪੁੜ ਵਿਖੇ ਐਸਜੇਐਸ ਮੋਟਰ ਦੇ ਮਾਲਕ ਧਿਆਨ ਸਿੰਘ ਅਤੇ ਪਰਿਵਾਰ ਵੱਲੋਂ ਗੁਰੂ ਸਾਹਿਬ ਦੇ ਸਤਿਕਾਰ ਹਿੱਤ ਧਰਮ ਪ੍ਰਚਾਰ ਲਈ ਇੱਕ ਗੱਡੀ ਭੇਟ ਕਰਕੇ ਸ਼ਰਧਾ ਪ੍ਰਗਟਾਈ ਗਈ।