ਸ਼੍ਰੋਮਣੀ ਕਮੇਟੀ ਨੇ ਹੜ੍ਹ ਪ੍ਰਭਾਵਿਤ ਸਕੂਲਾਂ ਲਈ ਪਾਣੀ ਭੇਜਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਹਰੜ ਕਲਾਂ ਅਤੇ ਲੱਖੂਵਾਲ ਦੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਪੀਣ ਲਈ ਪਾਣੀ ਅਤੇ ਖਾਣ ਵਾਲੀਆਂ ਵਸਤਾਂ ਅੱਜ ਸ੍ਰੀ ਦਰਬਾਰ ਸਾਹਿਬ ਤੋਂ ਭੇਜੀਆਂ ਹਨ। ਜ਼ਿਕਰਯੋਗ ਹੈ ਕਿ ਇੱਕ ਸਕੂਲ ਅਧਿਆਪਕ ਨੇ ਪੋਸਟ ਪਾ ਕੇ ਬੱਚਿਆਂ ਲਈ ਪੀਣ ਵਾਲੇ ਪਾਣੀ ਦੀ ਮੰਗ ਕੀਤੀ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਆਉਣ ’ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਬੱਚਿਆਂ ਲਈ ਪੀਣ ਵਾਲੇ ਪਾਣੀ ਵਾਸਤੇ ਯੋਗ ਪ੍ਰਬੰਧ ਕਰਨ ਲਈ ਮੈਨੇਜਰ ਰਜਿੰਦਰ ਸਿੰਘ ਰੂਬੀ ਦੀ ਡਿਊਟੀ ਲਗਾਈ ਗਈ ਸੀ।
ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਅੱਜ ਹਲਕਾ ਮੈਂਬਰ ਅਮਰੀਕ ਸਿੰਘ ਵਿਛੋਆ ਤੇ ਜੋਧ ਸਿੰਘ ਸਮਰਾ ਦੇ ਸਹਿਯੋਗ ਨਾਲ ਅਜਨਾਲਾ ਦੇ ਪਿੰਡ ਹਰੜ ਕਲਾਂ ਅਤੇ ਲੱਖੂਵਾਲ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਾਫ਼ ਪਾਣੀ ਅਤੇ ਖਾਣ ਲਈ ਵਸਤਾਂ ਆਦਿ ਪਹੁੰਚਾਈਆਂ ਹਨ। ਮੈਨੇਜਰ ਰੂਬੀ ਨੇ ਦੱਸਿਆ ਕਿ ਕਈ ਦਿਨ ਹੜ੍ਹਾਂ ਦਾ ਪਾਣੀ ਖੜ੍ਹਾਂ ਰਹਿਣ ਕਰਕੇ ਇਥੇ ਦੂਸ਼ਿਤ ਪਾਣੀ ਪੀਣ ਨਾਲ ਬੱਚਿਆਂ ਦੇ ਪੇਟ ਖ਼ਰਾਬ ਹੋਣ ਅਤੇ ਹੋਰ ਬਿਮਾਰੀਆਂ ਲੱਗਣ ਦਾ ਖਦਸ਼ਾ ਬਣਿਆ ਹੋਇਆ ਹੈ। ਸਕੂਲ ਅਧਿਆਪਕ ਵੱਲੋਂ ਇਸ ਬਾਰੇ ਪਾਈ ਪੋਸਟ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਬੱਚਿਆਂ ਲਈ ਪੀਣ ਵਾਲੇ ਸਾਫ਼ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਸਕੂਲ ਅਧਿਆਪਕ ਸਤਨਾਮ ਸਿੰਘ ਜੱਸੜ ਅਤੇ ਹੋਰ ਅਧਿਆਪਕਾਂ ਨੇ ਸ਼੍ਰੋਮਣੀ ਕਮੇਟੀ ਦਾ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।