ਗੱਡੀ ’ਚੋਂ ਸੱਤ ਕੁਇੰਟਲ ਪਨੀਰ ਜ਼ਬਤ
ਸਿਹਤ ਵਿਭਾਗ ਨੇ ਮੁਕੇਰੀਆਂ ਬੱਸ ਅੱਡੇ ਕੋਲੋਂ ਅੱਜ ਸਵੇਰੇ ਹਰਿਆਣਾ ਨੰਬਰ ਦੀ ਗੱਡੀ ਵਿੱਚੋਂ ਸੱਤ ਕੁਇੰਟਲ ਸ਼ੱਕੀ ਪਨੀਰ ਫੜਿਆ ਹੈ। ਸਿਹਤ ਵਿਭਾਗ ਨੇ ਪਨੀਰ ਨੂੰ ਕਬਜ਼ੇ ਵਿੱਚ ਲੈ ਕੇ ਕੋਲਡ ਸਟੋਰ ਵਿੱਚ ਰਖਵਾ ਕੇ ਨਮੂਨੇ ਜਾਂਚ ਲਈ ਭੇਜ ਦਿੱਤੇ ਹਨ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ ਵਿਭਾਗੀ ਮੁਹਿੰਮ ਤਹਿਤ ਅੱਜ ਕੀਤੀ ਗਈ ਚੈਕਿੰਗ ਦੌਰਾਨ ਮੁਕੇਰੀਆਂ ਦੇ ਬੱਸ ਅੱਡੇ ਨਜ਼ਦੀਕ ਸਵੇਰੇ ਤੜਕਸਾਰ ਇੱਕ ਹਰਿਆਣਾ ਨੰਬਰ ਗੱਡੀ ਵਿੱਚੋਂ ਲਗਪਗ ਸੱਤ ਕੁਇੰਟਲ ਸ਼ੱਕੀ ਪਨੀਰ ਫੜਿਆ ਹੈ। ਫੂਡ ਸੇਫਟੀ ਟੀਮ ਵੱਲੋਂ ਜਾਂਚ ਕਰਨ ’ਤੇ ਪਹਿਲੀ ਨਜ਼ਰ ਵਿੱਚ ਇਹ ਪਨੀਰ ਘਟੀਆ ਗੁਣਵੱਤਾ ਦਾ ਹੋਣ ’ਤੇ ਪਨੀਰ ਨੂੰ ਕਬਜ਼ੇ ਵਿੱਚ ਲੈ ਕੇ ਇਸ ਦੇ ਨਮੂਨੇ ਭਰ ਕੇ ਪਨੀਰ ਨੂੰ ਕੋਲਡ ਸਟੋਰ ਵਿੱਚ ਰੱਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸ਼ਿਕਾਇਤ ਆ ਰਹੀ ਸੀ ਕਿ ਗੁਆਂਢੀ ਜ਼ਿਲ੍ਹਿਆਂ ਅਤੇ ਸੂਬਿਆਂ ਵਿੱਚੋਂ ਆ ਰਹੇ ਨਕਲੀ ਪਨੀਰ ਦੀ ਵਿੱਕਰੀ ਮੁਕੇਰੀਆਂ ਅੰਦਰ ਹੋ ਰਹੀ ਹੈ। ਪਨੀਰ ਦੀਆ ਗੱਡੀਆਂ ਰਾਹੀਂ ਮੁਕੇਰੀਆਂ ਵਿੱਚ ਅਤਿ ਘਟੀਆ ਦਰਜੇ ਦਾ ਪਨੀਰ ਸਪਲਾਈ ਹੋ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਮੁਕੇਰੀਆਂ ਬੱਸ ਅੱਡੇ ਨਜ਼ਦੀਕ ਫੂਡ ਸੇਫਟੀ ਟੀਮ ਨੇ ਨਾਕਾ ਲਗਾ ਕੇ ਹਰਿਆਣਾ ਨੰਬਰ ਗੱਡੀ ਵਿੱਚੋਂ ਲਗਪਗ ਸੱਤ ਕੁਇੰਟਲ ਸ਼ੱਕੀ ਪਨੀਰ ਫੜਿਆ ਹੈ। ਇਸ ਦੇ ਨਮੂਨੇ ਲੈ ਕੇ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ ਤੇ ਪਨੀਰ ਨੂੰ ਕੋਲਡ ਸਟੋਰ ਵਿੱਚ ਰੱਖ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੁੱਧ, ਪਨੀਰ, ਦੇਸੀ ਘਿਉ, ਤੇਲ ਤੇ ਮਿਠਾਈਆਂ ਚੰਗੀ ਤਰ੍ਹਾਂ ਦੇਖ ਕੇ ਖ਼ਰੀਦਣ ਅਤੇ ਜੇ ਕਿਸੇ ਨੂੰ ਕਿਸੇ ਦੁਕਾਨਦਾਰ ਤੋਂ ਕੋਈ ਸ਼ਿਕਾਇਤ ਹੈ ਤਾਂ ਉਹ ਸਿਵਲ ਸਰਜਨ ਦਫ਼ਤਰ ਨਾਲ ਸੰਪਰਕ ਕਰਨ।