ਸੀਚੇਵਾਲ ਦੀ ਪਹਿਲਕਦਮੀ: ਵੱਡਾ ਬੇੜਾ ਕਰੇਗਾ ਹੜ੍ਹ ਪੀੜਤਾਂ ਦੇ ਦੁੱਖਾਂ ਦਾ ਹੱਲ
ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਦੁੱਖਾਂ ਦਾ ਹੱਲ ਕਰਨ ਲਈ ਵੱਡਾ ਬੇੜਾ ਬਿਆਸ ਦਰਿਆ ਦੀਆਂ ਲਹਿਰਾਂ ’ਤੇ ਠੱਲ ਦਿੱਤਾ ਹੈ। ਸਵੇਰੇ ਸੰਤ ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਮੰਡ ਵਿੱਚ ਵੱਡਾ ਬੇੜਾ ਪਾਣੀ ਵਿੱਚ ਉਤਾਰ ਦਿੱਤਾ ਜਿਸਦੀ ਸਮਰੱਥਾ ਏਨੀ ਹੈ ਕਿ ਇਸ ਵਿੱਚ ਕੰਬਾਈਨ, ਟਰੈਕਟਰ ਅਤੇ ਤਿੰਨ ਦਰਜਨ ਤੱਕ ਪਸ਼ੂਆਂ ਦੀ ਢੋਆ-ਢੁਆਈ ਕੀਤੀ ਜਾ ਸਕਦੀ ਹੈ। ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕਈ ਦਿਨ ਪੀੜਤ ਲੋਕਾਂ ਨਾਲ ਸੰਵਾਦ ਰਚਾਉਣ ਤੋਂ ਬਾਅਦ ਸੰਤ ਸੀਚੇਵਾਲ ਨੇ ਵੱਡਾ ਬੇੜਾ ਬਣਾਉਣ ਦਾ ਫੈਸਲਾ ਕੀਤਾ ਸੀ ਤੇ ਇਸਨੂੰ ਅਮਲੀ ਰੂਪ ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਤਕਨੀਕੀ ਖੋਜ ਕੇਂਦਰ ਦੇ ਮਿਸਤਰੀਆਂ ਨੇ ਤਿੰਨ ਦਿਨ ਤੇ ਤਿੰਨ ਰਾਤਾਂ ਲਾ ਕੇ ਤਿਆਰ ਕੀਤਾ। ਕੁੱਲ 34 ਫੁੱਟ ਲੰਬੇ ਤੇ 13 ਫੁੱਟ ਚੌੜੇ ਇਸ ਬੇੜੇ ਨੂੰ ਤਿਆਰ ਕਰਨ ਵਾਲੇ ਮਿਸਤਰੀ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਣੇ 6 ਮਿਸਤਰੀਆਂ ਨੇ ਇਸ ਬੇੜੇ ਨੂੰ ਮੁਕੰਮਲ ਕੀਤਾ ਹੈ। ਇਸ ਬੇੜੇ ਨੂੰ ਚਲਾਉਣ ਲਈ ਪੈਟਰੋਲ ਵਾਲੇ ਛੋਟੇ ਇੰਜਣ ਨੂੰ ਵਰਤਿਆ ਜਾ ਸਕਦਾ ਹੈ। ਮੰਡ ਇਲਾਕੇ ਦੇ ਬਿਾਅਸ ਦਰਿਆ ਦੇ ਪਾਣੀ ਵਿੱਚ ਬੇੜਾ ਉਤਾਰਨ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਜਿਹੜਾ ਭਾਰੀ ਸਮਾਨ ਸੁਰੱਖਿਅਤ ਥਾਵਾਂ ਤੇ ਲਿਆਉਣ ਚਾਹੁੰਦੇ ਹਨ, ਉਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇ। ਸਾਂਗਰਾ ਪਿੰਡ ਦੇ ਕਿਸਾਨ ਆਗੂ ਕੁੁਲਦੀਪ ਸਿੰਘ ਅਤੇ ਬਾਊਪੁਰ ਦੇ ਸਰਪੰਚ ਪਰਮਜੀਤ ਸਿੰਘ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਵੱਡੇ ਬੇੜੇ ਦੀ ਮੰਡ ਇਲਾਕੇ ਨੂੰ ਬਹੁਤ ਜ਼ਿਆਦਾ ਲੋੜ ਸੀ।