ਅਪਰੇਸ਼ਨ ਕਾਸੋ ਤਹਿਤ ਰਿਹਾਇਸ਼ੀ ਤੇ ਵਪਾਰਕ ਖੇਤਰਾਂ ਦੀ ਤਲਾਸ਼ੀ
ਹਤਿੰਦਰ ਮਹਿਤਾ
ਜਲੰਧਰ, 13 ਜੁਲਾਈ
ਨਸ਼ਿਆਂ ਦੇ ਖ਼ਿਲਾਫ਼ ਚਲ ਰਹੀ ਮੁਹਿੰਮ ‘ਯੁਧ ਨਸ਼ਿਆਂ ਵਿਰੁੱਧ’ ਦੇ ਤਹਿਤ ਕਮਿਸ਼ਨਰੇਟ ਪੁਲੀਸ ਜਲੰਧਰ ਵੱਲੋਂ ਸਬ-ਡਿਵਿਜ਼ਨ ਸੈਂਟਰਲ ਅਤੇ ਮਾਡਲ ਟਾਊਨ ਦੇ ਖੇਤਰਾਂ ਵਿੱਚ ਖਾਸ ਕਾਸੋ ਅਪਰੇਸ਼ਨ ਚਲਾਏ ਗਏ। ਕਮਿਸ਼ਨਰ ਆਫ਼ ਪੁਲੀਸ ਜਲੰਧਰ, ਧਨਪ੍ਰੀਤ ਕੌਰ ਨੇ ਦੱਸਿਆ ਕਿ ਕਾਜੀ ਮੰਡੀ ਅਤੇ ਗੜ੍ਹਾ ਇਲਾਕਿਆਂ ਵਿੱਚ ਕੀਤੇ ਗਏ ਟਾਰਗੇਟਿਡ ਅਪਰੇਸ਼ਨ ਲਈ ਕੁੱਲ 77 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ। ਵੱਖ-ਵੱਖ ਮੁੱਖ ਸਥਾਨਾਂ ’ਤੇ ਨਾਕੇ ਲਗਾ ਕੇ ਜਾਂਚ ਅਤੇ ਚੌਕਸੀ ਵਰਤੀ। ਇਹ ਅਪਰੇਸ਼ਨ ਏਸੀਪੀ ਸੈਂਟਰਲ ਅਮਨਦੀਪ ਸਿੰਘ ਏਸੀਪੀ ਮਾਡਲ ਟਾਊਨ ਰੂਪਦੀਪ ਕੌਰ, ਏ.ਸੀ.ਪੀ ਦੀ ਅਗਵਾਈ ਹੇਠ ਕੀਤੇ ਗਏ, ਜਿਨ੍ਹਾਂ ਨੂੰ ਸੰਬੰਧਤ ਐਸ ਐਚ ਓ ਅਤੇ ਉਨ੍ਹਾਂ ਦੀ ਟੀਮ ਨੇ ਪੂਰਾ ਸਹਿਯੋਗ ਦਿੱਤਾ। ਇਹ ਦੌਰਾਨ ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ਵਿੱਚ ਵਿਸਥਾਰਪੂਰਵਕ ਤਲਾਸ਼ੀਆਂ ਲਈ ਗਈਆਂ ਤਾਂ ਜੋ ਕਾਨੂੰਨੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਨੂੰ ਬੇਨਕਾਬ ਕੀਤਾ ਜਾ ਸਕੇ। ਅਪਰੇਸ਼ਨ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਦੋ ਕੇਸ ਦਰਜ ਕੀਤੇ ਅਤੇ 10 ਗ੍ਰਾਮ ਹੈਰੋਇਨ, ਸਿਲਵਰ ਪੇਪਰ ਵਾਲੀ ਫੋਇਲ, ਲਾਈਟਰ ਅਤੇ 10 ਦੀ ਨੋਟ ਬਰਾਮਦ ਹੋਈ। ਇਸ ਦੇ ਇਲਾਵਾ, 28 ਵਾਹਨਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚੋਂ 5 ਵਾਹਨਾਂ ’ਤੇ ਵੱਖ-ਵੱਖ ਉਲੰਘਣਾਂ ਲਈ ਚਲਾਨ ਜਾਰੀ ਕੀਤੇ ਗਏ।
ਫਗਵਾੜਾ(ਜਸਬੀਰ ਸਿੰਘ ਚਾਨਾ): ਇਥੇ ਪੁਲੀਸ ਨੇ ਯੂਨੀਵਰਸਿਟੀ ਦੇ ਲਾਗਲੇ ਖੇਤਰ ’ਚ ਪੈਂਦੇ ਲਾਅ ਗੇਟ, ਹਰਦਾਸਪੁਰ, ਮਹੇੜੂ ’ਚ ਬਣੇ ਪੀ.ਜੀ ਦੀ ਚੈਕਿੰਗ ਕੀਤੀ ਗਈ ਜਿਸ ਦੀ ਅਗਵਾਈ ਡੀਐੱਸਪੀ ਸੁਖਪਾਲ ਸਿੰਘ ਤੇ ਦਲਜੀਤ ਸਿੰਘ ਨੇ ਕੀਤੀ। ਪੁਲੀਸ ਨੂੰ ਚੈਕਿੰਗ ਦੌਰਾਨ ਕੋਈ ਵੀ ਇੰਤਰਾਜ਼ਯੋਗ ਸਮੱਗਰੀ ਨਹੀਂ ਮਿਲੀ। ਪੁਲੀਸ ਅਧਿਕਾਰੀਆਂ ਨੇ ਪੀ.ਜੀ ਪ੍ਰਬੰਧਕਾਂ ਨੂੰ ਨਸ਼ੇ ਖ਼ਿਲਾਫ਼ ਪੂਰੀ ਸਖ਼ਤੀ ਰੱਖਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਜੇ ਕੋਈ ਅਜਿਹੀ ਸ਼ਿਕਾਇਤ ਸਾਹਮਣੇ ਆਈ ਤਾਂ ਪੁਲੀਸ ਕੋਈ ਢਿੱਲ ਨਹੀਂ ਕਰੇਗੀ। ਇਸ ਮੌਕੇ ਐੱਸਐੱਚਓ ਰਾਵਲਪਿੰਡੀ ਮੇਜਰ ਸਿੰਘ, ਚੌਕੀ ਇੰਚਾਰਜ ਚਹੇੜੂ ਜਸਬੀਰ ਸਿੰਘ ਵੀ ਸ਼ਾਮਲ ਸਨ।
ਮਸ਼ਕੂਕਾਂ ਕੋਲੋਂ ਪੁੱਛ-ਪੜਤਾਲ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲੀਸ ਨੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਅਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਸ਼ਹਿਰ ਵਿੱਚ ਵੱਖ-ਵੱਖ ਥਾਈਂ ਸਰਚ ਅਪਰੇਸ਼ਨ ਚਲਾਇਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਦਾਖਲਾ ਅਤੇ ਨਿਕਾਸੀ ਦੇ ਰਸਤਿਆਂ, ਸ਼ਹਿਰ ਦੇ ਅੰਦਰ ਵੱਖ-ਵੱਖ ਥਾਵਾਂ ’ਤੇ ਨਾਕੇ ਲਾਏ ਗਏ ਹਨ, ਜਿੱਥੇ ਪੁਲੀਸ ਦੇ ਏਡੀਸੀਪੀ ਏਸੀਪੀ ਅਤੇ ਸਮੂਹ ਥਾਣਾ ਅਫਸਰਾਂ ਦੀ ਨਿਗਰਾਨੀ ਹੇਠ ਪੁਲੀਸ ਵੱਲੋਂ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਗੇਟ ਹਫੀਮਾ ਦੇ ਮੁੱਖ ਅਫਸਰ ਅਤੇ ਪੁਲੀਸ ਚੌਕੀਆਂ ਦੇ ਇੰਚਾਰਜ ਵੱਲੋਂ ਅਨੰਗੜ ਤੇ ਹੋਰ ਇਲਾਕੇ ਵਿੱਚ ਸਰਚ ਤੇ ਕਾਰਡੋਨ ਅਪਰੇਸ਼ਨ ਤਹਿਤ ਜਾਂਚ ਕੀਤੀ ਹੈ। ਸ਼ੱਕੀ ਵਿਅਕਤੀਆਂ ਕੋਲੋਂ ਪੁੱਛ-ਪੜਤਾਲ ਕੀਤੀ ਗਈ ਹੈ ਅਤੇ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਨਾਕਿਆਂ ’ਤੇ ਵਾਹਨਾਂ ਦੀ ਜਾਂਚ ਵੀ ਕੀਤੀ ਗਈ।