ਸੰਤੋਖ ਸਿੰਘ ਵੀਰ ਦੀ ਪੁਸਤਕ ਰਿਲੀਜ਼
ਇੱਥੇ ਗਾਂਧੀ ਪਾਰਕ ਸਥਿਤ ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ ਦੇ ਦਫ਼ਤਰ ਅਤੇ ਸਰਦਾਰ ਮੇਜਰ ਸਿੰਘ ਮੌਜੀ ਲਾਇਬਰੇਰੀ ਵਿਖੇ ਅੱਜ ਸਭਾ ਦੀ ਮਹੀਨਾਵਾਰ ਮੀਟਿੰਗ ਸਭਾ ਪ੍ਰਧਾਨ ਪ੍ਰਿੰਸੀਪਲ ਡਾ. ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਵੀਰ ਦੀ ਪੁਸਤਕ ‘ਗੁਰਸਿੱਖੀ ਪ੍ਰਸ਼ਨੋਤਰੀ’ ਲੋਕ ਅਰਪਣ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਮੌਕੇ ਡਾ. ਜੇ ਬੀ ਸੇਖੋਂ, ਮੁਲਾਜ਼ਮ ਆਗੂ ਮੁਕੇਸ਼ ਕੁਮਾਰ ਨੇ ਰਿਲੀਜ਼ ਕੀਤੀ ਪੁਸਤਕ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ. ਬਿੱਕਰ ਸਿੰਘ ਨੇ ਸੰਤੋਖ ਵੀਰ ਦੀ ਸ਼ਖ਼ਸੀਅਤ ਅਤੇ ਰਚੀਆਂ ਪੁਸਤਕਾਂ ਬਾਰੇ ਦੱਸਿਆ। ਉਨ੍ਹਾਂ ਸੰਤੋਖ ਸਿੰਘ ਵੀਰ ਵੱਲੋਂ ਸਭਾ ਨੂੰ ਦਿੱਤੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਦੂਜੇ ਸ਼ੈਸ਼ਨ ਵਿੱਚ ਕਵੀ ਦਰਬਾਰ ਦੀ ਪ੍ਰਧਾਨਗੀ ਪਰਮਿੰਦਰ ਸਿੰਘ ਸੁਪਰਡੈਂਟ ਖਾਲਸਾ ਕਾਲਜ ਗੜਸ਼ੰਕਰ ਨੇ ਕੀਤੀ। ਇਸ ਮੌਕੇ ਤਾਰਾ ਸਿੰਘ ਚੇੜਾ, ਜਸਵੀਰ ਕੌਰ, ਹੰਸਰਾਜ ਗੜਸ਼ੰਕਰ, ਬਲਵੀਰ ਖਾਨਪੁਰੀ, ਤਰਨਜੀਤ ਗੋਗੋ ਨੇ ਰਚਨਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਪਰਮਿੰਦਰ ਸਿੰਘ ਵਲੋਂ ਸਭਾ ਲਈ 1100 ਰੁਪਏ ਦੀ ਸਹਿਯੋਗੀ ਰਾਸ਼ੀ ਵੀ ਭੇਟ ਕੀਤੀ ਗਈ। ਸੰਤੋਖ ਵੀਰ ਵੱਲੋਂ ਸਭਾ ਨੂੰ ਪੰਜ ਹਜ਼ਾਰ ਰੁਪਏ ਦੀ ਸਹਿਯੋਗੀ ਰਾਸ਼ੀ ਦਿੱਤੀ।