ਰੂਸ-ਯੂਕਰੇਨ ਜੰਗ: ਮੌਤ ਦੇ ਮੂੰਹ ਵਿੱਚੋਂ ਪਰਤਿਆ ਨੌਜਵਾਨ
ਸਰਬਜੀਤ ਸਿੰਘ ਉਥੇ 8 ਮਹੀਨੇ ਤੋਂ ਵੱਧ ਸਮਾਂ ਰਹਿ ਕੇ ਆਇਆ ਹੈ ਤੇ ਉਸ ਨੂੰ ਬਹੁਤ ਸਾਰੇ ਸ਼ਹਿਰਾਂ ਬਾਰੇ ਜਾਣਕਾਰੀ ਹੈ। ਸਰਬਜੀਤ ਸਿੰਘ ਦੱਸਿਆ ਕਿ ਉਹ ਕੁਲ 18 ਜਣੇ ਸਨ ਜਿਨ੍ਹਾਂ ਨੂੰ ਟਰੈਵਲ ਏਜੰਟ ਨੇ ਕੋਰੀਅਰ ਦਾ ਕੰਮ ਕਰਨ ਲਈ ਮਾਸਕੋ ਭੇਜਿਆ ਸੀ। ਉਨ੍ਹਾਂ ਨੂੰ ਉਦੋਂ ਹੈਰਾਨੀ ਹੋਈ ਜਦੋਂ ਏਅਰਪੋਰਟ ’ਤੇ ਉਤਰਦਿਆ ਕਾਬੂ ਕਰ ਲਿਆ ਗਿਆ ਤੇ ਇੱਕ ਬਿਲਡਿੰਗ ਵਿੱਚ ਲੈ ਗਏ। ਉਥੇ ਦਸਤਾਵੇਜ਼ ਤਿਆਰ ਕਰਨ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ 15 ਦਿਨਾਂ ਦੀ ਫੌਜੀ ਸਿਖਲਾਈ ਮਗਰੋਂ ਰੂਸ ਯੂਕਰੇਨ ਦੀ ਚੱਲ ਰਹੀ ਜੰਗ ਵਿੱਚ ਝੋਕ ਦਿੱਤਾ ਗਿਆ ਜਿਸ ਦਾ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ ਸੀ।
ਉਥੇ ਕਦੇ ਗੱਡੀਆਂ ਵਿੱਚ ਲੈ ਜਾਂਦੇ ਸਨ ਤੇ ਕਦੇ ਕਈ-ਕਈ ਕਿਲੋਮੀਟਰ ਤੱਕ ਤੋਰ ਕੇ ਲਿਜਾਇਆ ਜਾਂਦਾ ਸੀ। ਉਥੇ ਫੌਜੀ ਵਰਦੀ ਪੁਆ ਕੇ ਅਸਲੇ ਨਾਲ ਲੱਦ ਦਿੱਤਾ ਗਿਆ। ਜਦੋਂ ਯੂਕਰੇਨ ਵਿੱਚ ਅੱਗੇ ਵੱਧਦੇ ਸੀ ਤਾਂ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ ਜਿਨ੍ਹਾਂ ਵਿਚ ਕਈ ਭਾਰਤੀ ਵੀ ਸਨ।
ਸਰਬਜੀਤ ਸਿੰਘ ਨੇ ਦੱਸਿਆ ਕੇ ਉਨ੍ਹਾਂ ਨੂੰ ਕਈ-ਕਈ ਦਿਨ ਪਾਣੀ ਵੀ ਪੀਣਾ ਨਸੀਬ ਨਹੀਂ ਸੀ ਹੁੰਦਾ ਤੇ ਨਾ ਹੀ ਰੋਟੀ ਸਮੇਂ ਸਿਰ ਮਿਲਦੀ ਸੀ। ਸਰਬਜੀਤ ਸਿੰਘ ਨੇ ਦੱਸਿਆ ਕਿ ਜੰਗ ਦੌਰਾਨ ਉਸ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਮੌਤ ਨੂੰ ਏਨੀ ਨੇੜਿਉਂ ਤੱਕਿਆ ਸੀ।
ਲਾਪਤਾ 13 ਜਣਿਆਂ ’ਚੋਂ 12 ਭਾਰਤੀ
ਸੰਤ ਸੀਚੇਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਪੁੱਛੇ ਸਵਾਲ ਰਾਹੀ ਉਹਨਾਂ ਦੱਸਿਆ ਸੀ ਕਿ ਰੂਸ ਆਰਮੀ ਵਿੱਚ 13 ਵਿੱਚੋਂ ਅਜੇ ਵੀ 12 ਭਾਰਤੀ ਲਾਪਤਾ ਹਨ। ਜਿਹਨਾਂ ਦੀ ਭਾਲ ਲਈ ਮੰਤਰਾਲਾ ਯਤਨ ਕਰ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰੂਸ ਵਿੱਚ ਫਸੇ ਭਾਰਤੀਆਂ ਦੀ ਸਰੱਖਿਅਤ ਵਾਪਸੀ ਕਰਵਾਏ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਵੱਲੋਂ ਲੰਘੀ ਫਰਵਰੀ ਵਿੱਚ ਦੋ ਜਣਿਆਂ ਨੂੰ ਰੂਸ ਜਾਣ ਦੀਆਂ ਟਿਕਟਾਂ ਵੀ ਲੈ ਕੇ ਦਿੱਤੀਆਂ ਸਨ ਤਾਂ ਜੋ ਉਹ ਆਪਣਿਆਂ ਦੀ ਭਾਲ ਕਰ ਸਕਣ।