ਰੌਸ਼ਨ ਪੰਜਾਬ ਤਹਿਤ ਜਲੰਧਰ ਜ਼ਿਲ੍ਹੇ ’ਚ ਖਰਚੇ ਜਾਣਗੇ 289 ਕਰੋੜ ਰੁਪਏ: ਮੋਹਿੰਦਰ ਭਗਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਬਿਜਲੀ ਕੱਟਾਂ ਤੋਂ ਮੁਕਤੀ ਦਿਵਾਉਣ ਲਈ ਸ਼ੁਰੂ ਕੀਤੇ ਪ੍ਰਾਜੈਕਟ ‘ਰੌਸ਼ਨ ਪੰਜਾਬ’ ਤਹਿਤ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਫੋਕਲ ਪੁਆਇੰਟ-2 ਵਿੱਚ ਕਰੀਬ 4 ਕਰੋੜ ਰੁਪਏ ਦੀ ਲਾਗਤ ਵਾਲੇ 31.5 ਐੱਮਵੀਏ ਪਾਵਰ ਟਰਾਂਸਫਾਰਮਰ ਦਾ ਉਦਘਾਟਨ ਕੀਤਾ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਜਲੰਧਰ ਜ਼ਿਲ੍ਹੇ ਵਿੱਚ ਨਵੇਂ ਟਰਾਂਸਫਾਰਮਰ, ਨਵੇਂ ਬਿਜਲੀ ਘਰ, ਨਵੀਆਂ ਲਾਈਨਾਂ, ਫੀਡਰਾਂ ਦੀ ਡੀਲੋਡਿੰਗ ਆਦਿ ’ਤੇ 289.20 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਿੱਚ 145.90 ਕਰੋੜ ਰੁਪਏ ਨਾਲ 11 ਕੇ.ਵੀ. ਫੀਡਰਾਂ ਦੀ ਡੀਲੋਡਿੰਗ, 25.50 ਕਰੋੜ ਨਾਲ ਨਵੇਂ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ, 12.30 ਕਰੋੜ ਨਾਲ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ, 29.30 ਕਰੋੜ ਨਾਲ ਨਵੇਂ 66 ਕੇ.ਵੀ. ਬਿਜਲੀ ਘਰਾਂ ਦੀ ਸਥਾਪਨਾ, 44.50 ਕਰੋੜ ਨਾਲ 66 ਕੇ.ਵੀ. ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ ਅਤੇ 31.70 ਕਰੋੜ ਰੁਪਏ ਨਾਲ 66 ਕੇ.ਵੀ. ਲਾਈਨਾਂ ਪਾਉਣ ਦੇ ਕੰਮ ਸ਼ਾਮਲ ਹਨ। ਇਸ ਮੌਕੇ ‘ਆਪ’ ਆਗੂ ਦਿਨੇਸ਼ ਢੱਲ ਵੀ ਮੌਜੂਦ ਸਨ। ਇਸ ਉਪਰੰਤ ਕੈਬਨਿਟ ਮੰਤਰੀ ਨੇ ਬਿਜਲੀ ਘਰ ਫੋਕਲ ਪੁਆਇੰਟ ਵਿੱਚ ਬੂਟਾ ਲਾ ਕੇ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਪਠਾਨਕੋਟ (ਐੱਨ ਪੀ ਧਵਨ): ਅੱਜ ਜ਼ਿਲ੍ਹਾ ਪਠਾਨਕੋਟ ਦੇ 66 ਕੇਵੀ ਬਿਜਲੀ ਘਰ ਡੇਅਰੀਵਾਲ ਵਿੱਚ ਰੋਸ਼ਨ ਪੰਜਾਬ ਅਧੀਨ ਪਾਵਰ ਕੱਟ ਤੋਂ ਮੁਕਤੀ ਨੂੰ ਦਰਸਾਉਂਦਾ ਕਰਵਾਇਆ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪੀਏ ਸੰਦੀਪ ਕੁਮਾਰ ਮੁੱਖ ਰੂਪ ਵਿੱਚ ਹਾਜ਼ਰ ਹੋਏ। ਇਸ ਸਮੇਂ ਜ਼ਿਲ੍ਹਾ ਪਠਾਨਕੋਟ ਅੰਦਰ ਨਵੇਂ ਬਣਾਏ 11 ਕੇਵੀ ਧੀਰਾ ਫੀਡਰ ਚਾਲੂ ਕਰਕੇ ਜਨਤਾ ਨੂੰ ਸਮਰਪਿਤ ਕੀਤੇ।
ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ: ਈਟੀਓ
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਜੰਡਿਆਲਾ ਗੁਰੂ ਵਿੱਚ ਨਵੇਂ ਬਣੇ 11 ਕੇਵੀ ਫੀਡਰ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅੱਜ ਸਥਾਨਕ ਹਲਕੇ ਦੇ ਵਸਨੀਕਾ ਨੂੰ ਬਿਹਤਰ ਬਿਜਲੀ ਦੀ ਸਪਲਾਈ ਦੇਣ ਹਿੱਤ ਨਵੇਂ ਬਣੇ 11 ਕੇ ਵੀ ਫੀਡਰ ਦਾ ਨਾਂ ਸ਼ਹੀਦ ਉਧਮ ਸਿੰਘ ਫੀਡਰ (ਕੈਟਾਗਰੀ-1) ਰੱਖਿਆ ਗਿਆ ਹੈ ਅਤੇ ਇਹ ਫੀਡਰ ਸਥਾਨਕ ਸ਼ਹਿਰ ਨੂੰ 24 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਉਸਾਰਿਆ ਗਿਆ ਹੈ। ਕੈਬਨਿਟ ਮੰਤਰੀ ਈਟੀਓ ਨੇ ਕਿਹਾ ਸਥਾਨਕ ਸ਼ਹਿਰ ਵਿੱਚ ਕਰੀਬ 94 ਫੀਸਦੀ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਹਨ ਅਤੇ ਬਿਜਲੀ ਵਿਭਾਗ ਵੱਲੋਂ ਵਾਧੂ ਖਰਚ ਕਰਕੇ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਇਸ ਮੌਕੇ ਸਰਬਜੀਤ ਸਿੰਘ ਡਿੰਪੀ, ਸਨੈਨਾ ਰੰਧਾਵਾ ਤੋਂ ਇਲਾਵਾ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
ਨੂਰਮਹਿਲ ਵਿੱਚ ਬਿਜਲੀ ਲੋਡ ਸਾਵਾਂ ਕਰਨ ਲਈ ਨਵੇਂ ਫੀਡਰ ਚਾਲੂ
ਜੰਡਿਆਲਾ ਮੰਜਕੀ (ਤਰਸੇਮ ਸਿੰਘ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ-ਅਰਬਨ ਮੰਡਲ ਨਕੋਦਰ ਅਧੀਨ ਪੈਂਦੇ ਸਬ ਡਿਵੀਜ਼ਨ ਨੂਰਮਹਿਲ ਵਿੱਚ 220 ਕੇ ਵੀ ਬਿਜਲੀ ਘਰ ਤੋਂ ਓਵਰਲੋਡ ਚਲਦੇ ਸ਼ਹਿਰੀ ਫੀਡਰਾਂ ਦਾ ਲੋਡ ਸਾਵਾਂ ਕਰਕੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਹਿੱਤ ਇੱਕ ਨਵੇਂ ਫੀਡਰ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ ਨੇ ਕੀਤਾ। ਇਸ ਤੋਂ ਇਲਾਵਾ 220 ਕੇ ਵੀ ਸਬ ਸਟੇਸ਼ਨ ਨੂਰਮਹਿਲ ਤੋਂ 11 ਕੇ ਵੀ ਯੂਪੀਐੱਸ ਸੁੰੜਨ ਕਲਾਂ ਅਤੇ 11 ਕੇ ਵੀ ਰਾਮਪੁਰਾ ਏਪੀ ਫੀਡਰਾਂ ਦਾ ਲੋਡ ਘਟਾਉਣ ਹਿੱਤ ਨਵੇਂ ਫੀਡਰ 11 ਕੇ ਵੀ ਯੂਪੀਐੱਸ ਭੰਡਾਲ ਹਿੰਮਤ ਅਤੇ ਕੋਟਲਾ ਏ ਪੀ ਦੇ ਬਰੇਕਰਾਂ ਨੂੰ ਆਪਣੇ ਕਰ ਕਮਲਾ ਨਾਲ ਚਾਲੂ ਕੀਤਾ।