ਰਾਊਂਡ ਗਲਾਸ ਨੇ ਜਿੱਤਿਆ ਮਹਿੰਦਰ ਮੁਨਸ਼ੀ ਹਾਕੀ ਟੂਰਨਾਮੈਂਟ
ਇਥੇ ਬੀ ਐੱਸ ਐੱਫ ਕੈਂਪਸ ਦੇ ਐਸਟਰੋਟਰਫ ਹਾਕੀ ਮੈਦਾਨ ’ਤੇ ਖੇਡੇ 25ਵੇਂ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਦਾ ਖਿਤਾਬ ਰਾਊਂਡ ਗਲਾਸ ਹਾਕੀ ਅਕੈਡਮੀ ਨੇ ਆਪਣੇ ਨਾਮ ਕਰ ਲਿਆ ਹੈ। ਫਾਈਨਲ ਵਿੱਚ ਰਾਊਂਡ ਗਲਾਸ ਨੇ ਸਾਈ ਦਿੱਲੀ ਨੂੰ 3-0 ਦੇ ਫਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਤੀਜੇ ਸਥਾਨ ਲਈ ਹੋਏ ਮੈਚ ਵਿੱਚ ਸਾਈ ਮਨੀਪੁਰ ਨੇ ਐੱਸ ਟੀ ਸੀ ਕੁਰੂਕਸ਼ੇਤਰ ਨੂੰ 3-2 ਨਾਲ ਮਾਤ ਦਿੱਤੀ।
ਫਾਈਨਲ ਦਾ ਪਹਿਲਾ ਅੱਧ ਗੋਲ ਰਹਿਤ ਰਿਹਾ ਪਰ ਦੂਜੇ ਅੱਧ ਵਿੱਚ 32ਵੇਂ ਮਿੰਟ ’ਤੇ ਪ੍ਰਿੰਸ ਸਿੰਘ ਨੇ ਗੋਲ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾ ਦਿੱਤੀ। ਇਸ ਤੋਂ ਬਾਅਦ 50ਵੇਂ ਮਿੰਟ ਵਿੱਚ ਸੁਖਪ੍ਰੀਤ ਸਿੰਘ ਅਤੇ ਆਖਰੀ ਮਿੰਟ ਵਿੱਚ ਅਮਨਦੀਪ ਨੇ ਗੋਲ ਕਰਕੇ ਸਕੋਰ 3-0 ਕਰ ਦਿੱਤਾ ਤੇ ਜਿੱਤ ਪੱਕੀ ਕੀਤੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕੀਤੀ। ਜੇਤੂ ਟੀਮ ਨੂੰ ਹੁਕਮ ਸਿੰਘ ਯਾਦਗਾਰੀ ਟਰਾਫੀ ਅਤੇ ਉਪ ਜੇਤੂ ਟੀਮ ਨੂੰ ਮਨਜੀਤ ਕੌਰ ਯਾਦਗਾਰੀ ਟਰਾਫੀ ਭੇਟ ਕੀਤੀ ਗਈ। ਰਾਊਂਡ ਗਲਾਸ ਦੇ ਜਰਮਨ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਤੇ ਸਾਈ ਦਿੱਲੀ ਦੇ ਵਿਨੈ ਨੂੰ ਬਿਹਤਰੀਨ ਗੋਲਕੀਪਰ ਐਲਾਨਿਆ ਗਿਆ। ਓਲੰਪੀਅਨ ਅਜੀਤਪਾਲ ਸਿੰਘ ਨੇ ਇਨ੍ਹਾਂ ਸਾਰੇ ਖਿਡਾਰੀਆਂ ਨੂੰ 10-10 ਹਜ਼ਾਰ ਰੁਪਏ ਦਿੱਤੇ।
ਸਮਾਗਮ ਦੀ ਪ੍ਰਧਾਨਗੀ ਮੇਅਰ ਵਨੀਤ ਧੀਰ ਨੇ ਕੀਤੀ। ਇਸ ਦੌਰਾਨ ਅਮਰਿੰਦਰਜੀਤ ਸਿੰਘ ਪ੍ਰਿੰਸ, ਓਲੰਪੀਅਨ ਦਵਿੰਦਰ ਸਿੰਘ ਗਰਚਾ, ਓਲੰਪੀਅਨ ਰਜਿੰਦਰ ਸਿੰਘ ਸੀਨੀਅਰ, ਓਲੰਪੀਅਨ ਸੰਜੀਵ ਕੁਮਾਰ, ਸੁਖਵਿੰਦਰ ਸਿੰਘ, ਦਲਜੀਤ ਸਿੰਘ, ਅਮਰੀਕ ਸਿੰਘ ਪੁਆਰ, ਸਾਹਿਬ ਸਿੰਘ ਹੁੰਦਲ, ਅਸ਼ਫਾਕ ਉਲਾ ਖਾਨ, ਰਿਪੁਦਮਨ ਕੁਮਾਰ ਸਿੰਘ ਤੇ ਹੋਰ ਹਾਜ਼ਰ ਸਨ।
