ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਦੀ ਤਾਜਪੋਸ਼ੀ
ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ ਸਾਲ 2025-26 ਲਈ ਨਵੇਂ ਪ੍ਰਧਾਨ ਅਵਤਾਰ ਸਿੰਘ ਦਾ ਇੰਸਟਾਲੇਸ਼ਨ ਸਮਾਗਮ ਕੀਤਾ ਗਿਆ। ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਡੀ.ਪੀ ਕਥੂਰੀਆ ਨੇ ਅਵਤਾਰ ਸਿੰਘ ਨੂੰ ਕਾਲਰ ਪਹਿਨਾ ਕੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ। ਇੰਦਰਪਾਲ ਸਿੰਘ ਸਚਦੇਵਾ ਨੂੰ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ। ਨਵਨਿਯੁਕਤ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਕਲੱਬ ਵੱਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ, ਉਹ ਉਸ ਨੂੰ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਸਕੱਤਰ ਇੰਦਰਪਾਲ ਸਿੰਘ ਸਚਦੇਵਾ ਨੇ ਕਿਹਾ ਕਿ ਆਉਣ ਵਾਲੇ ਸਾਲ ਵਿੱਚ ਵਾਤਾਵਰਣ ਸੰਭਾਲ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸਮਾਗਮ ਵਿੱਚ ਪਰਵੀਨ ਪਲਿਆਲ, ਜਗਮੀਤ ਸਿੰਘ ਸੇਠੀ, ਸਤੀਸ਼ ਗੁਪਤਾ, ਐਲ.ਐਨ ਵਰਮਾ, ਐਚ.ਐਸ ਓਬਰਾਏ ਆਦਿ ਹਾਜ਼ਰ ਸਨ।
ਤੇਰਾ ਆਸਰਾ ਸੇਵਾ ਘਰ ’ਚ ਜਾਗਰੂਕਤਾ ਕੈਂਪ
ਹੁਸ਼ਿਆਰਪੁਰ: ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵੱਲੋਂ ਪ੍ਰਧਾਨ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਨੇਤਰਦਾਨ ਜਾਗਰੂਕਤਾ ਕੈਂਪ ਤੇਰਾ ਆਸਰਾ ਸੇਵਾ ਘਰ ਵਿੱਚ ਲਾਇਆ ਗਿਆ। ਇਸ ਵਿੱਚ ਪ੍ਰਿੰਸੀਪਲ ਐਨ.ਡੀ ਭਾਟੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸੰਜੀਵ ਅਰੋੜਾ ਨੇ ਮਰਨ ਉਪਰੰਤ ਨੇਤਰਦਾਨ ਕਰਨ ਦਾ ਸੰਕਲਪ ਲੈਣ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਨੇਤਰਦਾਨ ਰਾਹੀਂ ਹੁਣ ਤੱਕ 4118 ਲੋਕਾਂ ਨੂੰ ਰੌਸ਼ਨੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਅਰੋੜਾ ਮੁਤਾਬਕ ਤੇਰਾ ਆਸਰਾ ਸੇਵਾ ਘਰ ਵਿੱਚ ਰਹਿ ਰਹੇ 24 ਲੋਕਾਂ ਨੇ ਮੁੱਖ ਸੰਚਾਲਕਾ ਰਾਜਿੰਦਰ ਕੌਰ ਦੀ ਅਗਵਾਈ ਵਿੱਚ ਨੇਤਰਦਾਨ ਦੇ ਪ੍ਰਣ ਪੱਤਰ ਭਰੇ। ਇਸ ਮੌਕੇ ਪ੍ਰਿੰਸੀਪਲ ਐਨ.ਡੀ ਭਾਟੀਆ ਨੇ ਤੇਰਾ ਆਸਰਾ ਸੇਵਾ ਘਰ ਲਈ 5100 ਰੁਪਏ ਦੀ ਅਨੁਦਾਨ ਰਕਮ ਵੀ ਭੇਟ ਕੀਤੀ। -ਪੱਤਰ ਪ੍ਰੇਰਕ
ਬੰਗਾ ਚੌਕ ’ਚ ਪਾਣੀ ਖੜ੍ਹਨ ਦੀ ਸਮੱਸਿਆ ਦਾ ਨਿਰੀਖਣ
ਫਗਵਾੜਾ: ਮੀਂਹ ਕਾਰਨ ਪੇਂਡੂ ਖੇਤਰਾਂ ਦੇ ਨਾਲ ਨਾਲ ਸ਼ਹਿਰ ਦੀਆਂ ਕਈ ਸੜਕਾਂ ਦਾ ਪਾਣੀ ਖੜ੍ਹਨ ਨਾਲ ਬੁਰਾ ਹਾਲ ਹੋਇਆ ਪਿਆ ਹੈ। ਬੰਗਾ ਰੋਡ ਚੌਕ ਦੇ ਵਾਸੀ ਨਾਲਿਆਂ ਦੀ ਸਪਲਾਈ ਠੀਕ ਨਾ ਹੋਣ ਕਰਕੇ ਦੁਕਾਨਦਾਰ ਨਰਕ ਦੀ ਜ਼ਿੰਦਗੀ ਭੋਗ ਰਹੇ ਹਨ। ਬਾਜ਼ਾਰ ਵਾਸੀ ਅਵਤਾਰ ਚੰਦ ਖੋਥੜਾ, ਰਾਜੀਵ ਸ਼ਰਮਾ, ਸੁਸ਼ੀਲ ਕੁਮਾਰ ਖਰਬੰਦਾ ਨੇ ਦੱਸਿਆ ਕਿ ਇੱਕ ਮਹੀਨੇ ਤੋਂ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਮਸਲਾ ਹੱਲ ਨਹੀਂ ਹੋਇਆ। ਇਸ ਸੜਕ ’ਤੇ ਟੋਏ ਪੈਣ ਕਰਕੇ ਕੱਲ੍ਹ ਤੋਂ ਕਈ ਈ-ਰਿਕਸ਼ੇ ਪੱਲਟ ਕੇ ਲੋਕ ਜ਼ਖਮੀ ਹੋ ਚੁੱਕੇ ਹਨ। ਇਹ ਮਾਮਲਾ ਜਦੋਂ ਆਪ ਆਗੂ ਹਰਜੀ ਮਾਨ ਦੇ ਧਿਆਨ ’ਚ ਲਿਆਂਦਾ ਤਾਂ ਉਨ੍ਹਾਂ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨਾਲ ਪੁੱਜ ਕੇ ਮੌਕਾ ਦੇਖਿਆ ਤੇ ਦੱਸਿਆ ਕਿ ਲੋਕਾਂ ਵਲੋਂ ਬਣਾਏ ਥੜ੍ਹਿਆ ਕਾਰਨ ਚੱਢਾ ਮਾਰਕੀਟ ਵੀ ਪਾਣੀ ਨਾਲ ਭਰੀ ਪਈ ਹੈ। ਕਮਿਸ਼ਨਰ ਨੇ ਆਪਣੇ ਸਟਾਫ਼ ਨੂੰ ਤੁਰੰਤ ਯੋਗ ਕਾਰਵਾਈ ਦਾ ਭਰੋਸਾ ਦਿੱਤਾ ਹੈ ਤੇ ਇਥੇ ਪਏ ਟੋਇਆ ਤੋਂ ਲੋਕਾਂ ਦੇ ਬਚਾਅ ਵੀ ਆਰਜ਼ੀ ਬੈਰੀਕੇਡਿੰਗ ਕਰਵਾਈ ਹੈ।