ਜਮਾਲਪੁਰ ਨਜ਼ਦੀਕ ਜੀ.ਟੀ. ਰੋਡ ’ਤੇ ਰੋਡਵੇਜ਼ ਬੱਸ ਦੀ ਗੱਡੀ ਨਾਲ ਟੱਕਰ; ਕਈ ਸਵਾਰੀਆਂ ਜ਼ਖ਼ਮੀ
ਜੀ.ਟੀ. ਰੋਡ ’ਤੇ ਜਮਾਲਪੁਰ ਨਜ਼ਦੀਕ ਅੱਜ ਲੁਧਿਆਣਾ ਤੋਂ ਜਲੰਧਰ ਜਾ ਰਹੀ ਪੰਜਾਬ ਰੋਡਵੇਜ਼ ਬੱਸ ਸੜਕ ’ਤੇ ਖੜ੍ਹੀ ਇੱਕ ਖਰਾਬ ਗੱਡੀ ਨਾਲ ਜਾ ਟਕਰਾਈ। ਹਾਦਸਾ ਇਨਾ ਜ਼ਬਰਦਸਤ ਸੀ ਕਿ ਬੱਸ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਬੱਸ ’ਚ ਸਵਾਰ ਕਈ ਯਾਤਰੀਆਂ ਸਮੇਤ ਡਰਾਈਵਰ ਪ੍ਰਭਜਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ।
ਰਾਹਗੀਰਾਂ ਮੁਤਾਬਕ ਇੱਕ ਗੱਡੀ ਸਬਜ਼ੀਆਂ ਲੈ ਕੇ ਜਾ ਰਹੀ ਸੀ ਤੇ ਉਸ ਦਾ ਟਾਇਰ ਰਸਤੇ ’ਚ ਖੁੱਲ੍ਹ ਗਿਆ ਸੀ ਜਿਸ ਕਾਰਨ ਉਹ ਗੱਡੀ ਸੜਕ ਦੇ ਵਿਚਕਾਰ ਰੁਕ ਗਈ। ਥੋੜ੍ਹੀ ਦੇਰ ਬਾਅਦ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਰੋਡਵੇਜ਼ ਬੱਸ ਉਸ ਨਾਲ ਜਾ ਟਕਰਾਈ। ਟੱਕਰ ਇਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਅੰਦਰ ਵੜ ਗਿਆ। ਬੱਸ ਡਰਾਈਵਰ ਪ੍ਰਭਜਿੰਦਰ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਜਲੰਧਰ ਲਈ ਬੱਸ ਚਲਾ ਰਿਹਾ ਸੀ ਕਿ ਅਚਾਨਕ ਅੱਗੇ ਚੱਲ ਰਹੀ ਇੱਕ ਹੋਰ ਕਾਰ ਨੇ ਬਰੇਕ ਲਗਾ ਦਿੱਤੀ, ਜਿਸ ਨਾਲ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ’ਤੇ ਖੜ੍ਹੀ ਖਰਾਬ ਗੱਡੀ ਨਾਲ ਟਕਰਾ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਤੇ 108 ਐਂਬੂਲੈਂਸ ਟੀਮ ਮੌਕੇ ’ਤੇ ਪਹੁੰਚ ਗਈ। ਜ਼ਖਮੀ ਸਵਾਰੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਭੇਜਿਆ ਗਿਆ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।