ਮੀਂਹ ਕਾਰਨ ਸੜਕਾਂ ਦੀ ਹਾਲਤ ਵਿਗੜੀ
ਪਿਛਲੇ ਕੁੱਝ ਦਿਨਾਂ ਤੋਂ ਰਹੀ ਬਰਸਾਤ ਨੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ ਹੈ। ਸੜਕਾਂ ਵਿਚਲੇ ਟੋਇਆਂ ਨੇ ਖਤਰਨਾਕ ਰੂਪ ਧਾਰ ਲਿਆ ਹੈ। ਥਾਂ-ਥਾਂ ’ਤੇ ਬੱਜਰੀ ਖਿੱਲਰੀ ਪਈ ਹੈ। ਇਨ੍ਹਾਂ ਵਿਚੋਂ ਕਈ ਸੜਕਾਂ ਨਗਰ ਨਿਗਮ ਹਨ ਅਤੇ ਕਈ ਲੋਕ ਨਿਰਮਾਣ ਵਿਭਾਗ ਦੇ ਅਧੀਨ ਆਉਂਦੀਆਂ ਹਨ। ਸ਼ਹਿਰ ਦੀ ਸਭ ਤੋਂ ਪਾਰਸ਼ ਮੰਨੀ ਜਾਂਦੀ ਮਾਲ ਰੋਡ ਦੀ ਹਾਲਤ ਸਭ ਤੋਂ ਵੱਧ ਤਰਸਯੋਗ ਬਣੀ ਹੋਈ ਹੈ। ਬਰਸਾਤੀ ਮੌਸਮ ’ਚ ਪਾਈਪਾਂ ਪਾਉਣ ਲਈ ਇਹ ਸੜਕ ਪੁੱਟੀ ਗਈ ਜਿਸ ਲਈ ਨਿਗਮ ਤੇ ਸੀਵਰੇਜ ਬੋਰਡ ਇਕ-ਦੂਜੇ ਨੂੰ ਇਲਜ਼ਾਮ ਦੇ ਰਹੇ ਹਨ। ਸ਼ਿਮਲਾ ਪਹਾੜੀ ਚੌਕ ’ਚੋਂ ਨਿਕਲਣਾ ਖ਼ਤਰਾ ਮੁੱਲ ਲੈਣ ਦੇ ਬਰਾਬਰ ਹੈ। ਪਿਛਲੇ ਦਿਨਾਂ ਦੌਰਾਨ ਕਈ ਰਾਹਗੀਰ ਇੱਥੋਂ ਸੱਟਾਂ ਲਗਵਾ ਚੁੱਕੇ ਹਨ। ਜਦੋਂ ਪਾਣੀ ਭਰ ਜਾਂਦਾ ਹੈ ਤਾਂ ਟੋਏ ਟਿੱਬਿਆਂ ਦਾ ਪਤਾ ਨਹੀਂ ਲੱਗਦਾ। ਸੁਤਹਿਰੀ ਰੋਡ ਦੀ ਹਾਲਤ ਵੀ ਬੇਹੱਦ ਤਰਸਯੋਗ ਹੈ। ਸਾਰਾ ਦਿਨ ਇੱਥੇ ਟ੍ਰੈਫ਼ਿਕ ਜਾਮ ਰਹਿੰਦਾ ਹੈ। ਦੂਜੇ ਪਾਸੇ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ ਨੇ ਕਿਹਾ ਕਿ ਬਰਸਾਤਾਂ ਵਿਚ ਸੜਕਾਂ ਦੀ ਮੁਰੰਮਤ ਕਰਵਾਉਣੀ ਪੈਸੇ ਦਾ ਨੁਕਸਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮੌਸਮ ਠੀਕ ਹੁੰਦਾ ਹੈ, ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ।