ਲੱਖਾਂ ਦੀ ਲਾਗਤ ਨਾਲ ਬਣੀ ਸੜਕ ਧਸੀ
ਵਿਰੋਧੀਆਂ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ
Advertisement
ਇੱਥੇ ਨਗਰ ਕੌਂਸਲ ਤਲਵਾੜਾ ਵੱਲੋਂ ਅੰਗੂਰਾਂ ਦੇ ਬਾਗ ਤੋਂ ਸ਼ਾਹ ਨਹਿਰ ਬੈਰਾਜ ਤੱਕ ਬਣਾਈ ਸੜਕ ਸਾਲ ਅੰਦਰ ਹੀ ਧਸਣੀ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰ ਨੇ ਸੜਕ ਨਿਰਮਾਣ ਦੌਰਾਨ ਬਦਇੰਤਜ਼ਾਮੀਆਂ ਦੇ ਦੋਸ਼ ਲਗਾਏ ਹਨ। ਸਾਬਕਾ ਕੌਂਸਲਰ ਦੀਪਕ ਅਰੋੜਾ ਨੇ ਦੱਸਿਆ ਕਿ ਸ਼ਹਿਰ ਦੇ ਪੋਸ਼ ਇਲਾਕੇ ਵਿੱਚ ਅੰਗੂਰਾਂ ਦੇ ਬਾਗ ਤੋਂ ਸ਼ਾਹ ਨਹਿਰ ਬੈਰਾਜ ਤੱਕ ਕਰੀਬ ਡੇਢ ਕਿੋਲਮੀਟਰ ਲੰਬੀ ਸੜਕ ਥਾਂ-ਥਾਂ ਤੋਂ ਧਸ ਗਈ ਹੈ। ਇਹ ਸੜਕ ਬੀਤੇ ਸਾਲ ਦੇ ਅੰਤਲੇ ਮਹੀਨੇ ਨਗਰ ਕੌਂਸਲ ਨੇ ਕਰੀਬ 69 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਸੀ। ਸੀਵਰੇਜ ਵਿਛਾਉਣ ਉਪਰੰਤ ਸੜਕ ਦੀ ਸਹੀ ਭਰਾਈ ਨਹੀਂ ਹੋਈ। ਨਗਰ ਕੌਂਸਲ ਪ੍ਰਸ਼ਾਸਨ ਨੇ ਕਾਹਲੀ ’ਚ ਪ੍ਰੀਮਿਕਸ ਵਿਛਾ ਦਿੱਤਾ। ਸੜਕ ਬਣਨ ਦੇ 35 ਦਿਨਾਂ ਬਾਅਦ ਹੀ ਬਜ਼ਰੀ ਨਿੱਕਲਣ ਲੱਗ ਪਈ ਸੀ। ਹੁਣ ਸੜਕ ਜਗ੍ਹਾ ਜਗ੍ਹਾ ਤੋਂ ਧਸ ਗਈ ਹੈ, ਇਹ ਰਸਤਾ ਸ਼ਾਹ ਨਹਿਰ ਬੈਰਾਜ ਤੋਂ ਹਿਮਾਚਲ ਪ੍ਰਦੇਸ਼ ਦੇ ਕਰੀਬ ਅੱਧੀ ਦਰਜਨ ਪਿੰਡਾਂ ਨਾਲ ਜੁੜਦਾ ਹੈ। ਰੋਜ਼ਾਨਾ ਸੈਂਕੜੇ ਲੋਕ ਹਲਕੇ ਛੋਟੇ ਵਾਹਨਾਂ ਰਾਹੀਂ ਗੁਜ਼ਰਦੇ ਹਨ। ਪ੍ਰਸ਼ਾਸਨ ਨੇ ਸੜਕ ਦੀ ਰਿਪੇਅਰ ਕਰਨ ਦੀ ਬਜਾਏ ਧਸੀ ਹੋਈ ਜਗ੍ਹਾ ’ਤੇ ਬੈਰੀਕੇਡ ਲਗਾ ਕੇ ਰਸਤਾ ਤੰਗ ਕਰ ਦਿੱਤਾ ਹੈ ਜੋ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਸਾਬਕਾ ਕੌਂਸਲਰ ਨੇ ਨਗਰ ਕੌਂਸਲ ਤਲਵਾੜਾ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਹਨ ਅਤੇ ਸੜਕ ਨਿਰਮਾਣ ’ਚ ਹੋਈ ਧਾਂਦਲੀ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਠੇਕੇਦਾਰ ਨੂੰ ਦੋ ਵਾਰ ਨੋਟਿਸ ਜਾਰੀ ਕੀਤੇ: ਨਿਗਰਾਨ ਅਧਿਕਾਰੀ
Advertisementਨਗਰ ਕੌਂਸਲ ਤਲਵਾੜਾ ਦੇ ਜੇਈ ਤੇ ਨਿਗਰਾਨ ਅਧਿਕਾਰੀ ਨਿਰਮਲ ਸਿੰਘ ਨੇ ਕਿਹਾ ਕਿ ਸੜਕ ਦਾ ਨਿਰਮਾਣ ਕਰਨ ਵਾਲੇ ਠੇਕੇਦਾਰ ਨੂੰ ਦੋ ਵਾਰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਸੜਕ ਦੀ ਮੁਰੰਮਤ ਕਰਵਾਉਣ ਅਤੇ ਸਬੰਧਤ ਠੇਕੇਦਾਰ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕਰਨ ਦੀ ਗੱਲ ਆਖੀ ਹੈ।
Advertisement
