ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਲੰਧਰ ਵਿੱਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਤੋਂ ਮਿਲੇਗੀ ਰਾਹਤ

ਮਹਿੰਦਰ ਭਗਤ ਵੱਲੋਂ ਚਾਰ ਜ਼ੈੱਡ ਸਕਸ਼ਨ ਮਸ਼ੀਨਾਂ ਨੂੰ ਹਰੀ ਝੰਡੀ
Advertisement
ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਵੱਲੋਂ ਅੱਜ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਤੋਂ ਤੁਰੰਤ ਨਿਜਾਤ ਦਿਵਾਉਣ ਲਈ 1.26 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦੀਆਂ ਗਈਆਂ ਚਾਰ ਨਵੀਆਂ ਜ਼ੈੱਡ ਸਕਸ਼ਨ ਮਸ਼ੀਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

ਲੋਕਾਂ ਨਾਲ ਰੂਬਰੂ ਹੁੰਦਿਆਂ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਤੰਗ ਗਲੀਆਂ ਵਿੱਚ ਜਿੱਥੇ ਕਿਤੇ ਵੀ ਸੀਵਰੇਜ ਬੰਦ ਹੈ, ਉਸ ਨੂੰ ਤੁਰੰਤ ਖੋਲ੍ਹਣ ਲਈ ਚਾਰ ਛੋਟੀਆਂ ਨਵੀਆਂ ਜ਼ੈੱਡ ਮਸ਼ੀਨਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਤੰਗ ਗਲੀਆਂ ਵਿੱਚ ਵੱਡੀਆਂ ਸੁਪਰ ਸਕਸ਼ਨ ਮਸ਼ੀਨਾਂ ਨੂੰ ਸੀਵਰੇਜ ਖੋਲਣ ਲਈ ਜਾਣ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਨ੍ਹਾਂ ਛੋਟੀਆਂ ਮਸ਼ੀਨਾਂ ਦੀ ਮਦਦ ਨਾਲ ਸ਼ਹਿਰ ਦੀਆਂ ਸੀਵਰੇਜ ਜਾਮ ਹੋਣ ਦੀ ਸਮੱਸਿਆ ਦਾ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇਗਾ।

Advertisement

ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਹਰ ਸੰਭਵ ਰਾਹਤ ਪਹੁੰਚਾਉਣ ਲਈ ਦਿਨ-ਰਾਤ ਸੰਜੀਦਾ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਜਲੰਧਰ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਇਸ ਨੂੰ ਹੋਰ ਖੂਬਸੂਰਤ ਬਣਾਉਣ ਲਈ ਅਨੇਕਾਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਵੱਖ-ਵੱਖ ਚੌਕਾਂ ਦਾ ਸੁੰਦਰੀਕਰਨ ਕਰ ਕੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ, ਜਿਸ ਨਾਲ ਸ਼ਹਿਰ ਨੂੰ ਬਹੁਤ ਹੀ ਖੂਬਸੂਰਤ ਦਿੱਖ ਮਿਲ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ,‘ਸਾਡਾ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਵੱਡਮੁੱਲਾ ਯੋਗਦਾਨ ਪਾਈਏ।’

ਮੇਅਰ ਵਨੀਤ ਧੀਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਵਲੋਂ ਅਣਥੱਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਰ ਛੋਟੀਆਂ ਜ਼ੈੱਡ ਸਕਸ਼ਨ ਮਸ਼ੀਨਾਂ ਤੋਂ ਇਲਾਵਾ ਕਿਤੇ ਵੀ ਸੀਵਰੇਜ ਬੰਦ ਹੋਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਵੱਡੀਆਂ ਸੁਪਰ ਸਕਸ਼ਨ ਮਸ਼ੀਨਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਾਫ਼-ਸਫ਼ਾਈ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ। ਇਸ ਮੌਕੇ ਕਮਿਸ਼ਨਰ ਸੰਦੀਪ ਰਿਸ਼ੀ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ, ਚੇਅਰਮੈਨ ਪੰਜਾਬ ਮੁਸਲਿਮ ਵੈਲਫੇਅਰ ਡਿਵੈਲਪਮੈਂਟ ਬੋਰਡ ਅਬਦੁੱਲ ਬਾਰੀ ਸਲਮਾਨੀ, ਡਿਪਟੀ ਮੇਅਰ ਮਲਕੀਤ ਸਿੰਘ, ਸੀਨੀਅਰ ਆਪ ਆਗੂ ਦਿਨੇਸ਼ ਢੱਲ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

 

Advertisement
Show comments