ਰਾਵੀ ਦਰਿਆ ਦੇ ਪਲਟੂਨ ਪੁਲਾਂ ’ਤੇ ਆਵਾਜਾਈ ਬਹਾਲ
ਇਥੋਂ ਲੰਘਦੇ ਰਾਵੀ ਦਰਿਆ ’ਤੇ ਪ੍ਰਸ਼ਾਸਨ ਨੇ ਪਲਟੂਨ ਪੁਲਾਂ ਮੁੜ ਚਾਲੂ ਕਰ ਦਿੱਤਾ ਗਿਆ। ਇਨ੍ਹਾਂ ਪੁਲਾਂ ਨੂੰ ਹੜ੍ਹਾਂ ਕਾਰਨ ਨੁਕਸਾਨੇ ਜਾਣ ਦੇ ਖ਼ਦਸ਼ੇ ਕਾਰਨ ਹਟਾ ਦਿੱਤਾ ਗਿਆ ਸੀ। ਪੁਲਾਂ ’ਤੇ ਮੁੜ ਆਜਾਵਾਈ ਬਹਾਲ ਹੋਣ ਕਾਰਨ ਦਰਿਆ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਰਾਵੀ ਦਰਿਆ ਤੋਂ ਪਾਰ ਭਾਰਤ ਪਾਕਿਸਤਾਨ ਸਰਹੱਦ ਨੇੜੇ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਹੈ। ਕਿਸਾਨ ਬੇੜੀ ਰਾਹੀਂ ਦਰਿਆ ਪਾਰ ਕਰ ਕੇ ਆਪਣੇ ਖੇਤਾਂ ਵਿੱਚ ਜਾਂਦੇ ਹਨ। ਕਿਸਾਨਾਂ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਤਤਕਾਲੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇਸ ਖੇਤਰ ਦੇ ਪਿੰਡ ਕੋਟ ਰਜ਼ਾਦਾ ਅਤੇ ਦਰੀਆ ਮੂਸਾ ਵਿੱਚ 2 ਪਲਟੂਨ ਪੁਲ ਬਣਵਾਏ ਗਏ ਸਨ ਜਿਸ ਤੋਂ ਬਾਅਦ ਕਿਸਾਨ ਆਪਣੀਆਂ ਟਰਾਲੀਆਂ ਸਮੇਤ ਫ਼ਸਲਾਂ ਦੀ ਢੋਆ-ਢੁਆਈ ਇਨ੍ਹਾਂ ਪੁਲਾਂ ਰਾਹੀਂ ਕਰਨ ਲੱਗੇ। ਪਿਛਲੇ ਦੋ ਮਹੀਨਿਆਂ ਦੌਰਾਨ ਰਾਵੀ ਦਰਿਆ ਵਿੱਚ ਆਏ ਭਿਆਨਕ ਹੜ੍ਹ ਕਾਰਨ ਇਹ ਪਲਟੂਨ ਪੁਲ ਹਟਾ ਦਿੱਤੇ ਗਏ ਸਨ ਜਿਸ ਕਾਰਨ ਕਿਸਾਨਾਂ ਨੂੰ ਖੇਤੀ ਕਰਨ ਅਤੇ ਦਰਿਆ ਪਾਰ ਕਰਨ ਵਿੱਚ ਭਾਰੀ ਮੁਸ਼ਕਲ ਪੇਸ਼ ਆ ਰਹੀ ਸੀ।
ਇਸ ਸਬੰਧੀ ਕਿਸਾਨ ਗੁਰਿੰਦਰਬੀਰ ਸਿੰਘ, ਹਰਪਾਲ ਸਿੰਘ ਨੇ ਦੱਸਿਆ ਕਿ ਪਲਟੂਨ ਪੁਲ ਬਣ ਜਾਣ ਨਾਲ ਬਹੁਤ ਵੱਡੀ ਸਹੂਲਤ ਮਿਲੀ ਹੈ ਕਿਉਂਕਿ ਦਾਣਿਆਂ ਨਾਲ ਭਰੀਆਂ ਟਰਾਲੀਆਂ ਅਤੇ ਖੇਤੀ ਸੰਦ ਬੇੜੇ ਰਾਹੀਂ ਪਾਰ ਕਰਨੇ ਬਹੁਤ ਔਖੇ ਸਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਪਲਟੂਨ ਪੁਲ ਨੂੰ ਬਰਸਾਤੀ ਸਮੇਂ ਦੌਰਾਨ ਹਟਾਉਣ ਦੀ ਬਜਾਏ ਕੋਈ ਹੋਰ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨ ਨਿਰਵਿਘਨ ਆਪਣੇ ਖੇਤਾਂ ਵਿੱਚ ਜਾ ਕੇ ਫਸਲਾਂ ਦੀ ਕਾਸ਼ਤ ਕਰ ਸਕਣ। ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਅਫਸਰ ਮਨਜਿੰਦਰ ਸਿੰਘ ਮੱਤੇਨੰਗਲ ਨੇ ਦੱਸਿਆ ਕਿ ਪਲਟੂਨ ਪੁਲ ਬਰਸਾਤੀ ਮਹੀਨੇ ਅਗਸਤ, ਸਤੰਬਰ ਅਤੇ ਅਕਤੂਬਰ ਵਿੱਚ ਦਰਿਆ ਵਿਚ ਜ਼ਿਆਦਾ ਪਾਣੀ ਆਉਣ ਕਾਰਨ ਅਤੇ ਇਨ੍ਹਾਂ ਪੁਲਾਂ ਦੇ ਰੁੜ੍ਹਨ ਦੇ ਸੰਭਾਵੀ ਖਤਰੇ ਕਾਰਨ ਹਟਾ ਦਿੱਤੇ ਜਾਂਦੇ ਹਨ ਪਰ ਬਰਸਾਤੀ ਮੌਸਮ ਖ਼ਤਮ ਹੋਣ ਤੋਂ ਬਾਅਦ ਇਹ ਕਿਸਾਨਾਂ ਦੀ ਸਹੂਲਤ ਲਈ ਮੁੜ ਜੋੜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਸਮਰੱਥਾ ਕਿਸਾਨਾਂ ਦੀਆਂ ਫ਼ਸਲਾਂ ਦੀ ਢੋਆ-ਢੋਆਈ ਲਈ ਬਿਹਤਰ ਹੈ।
