ਰੱਖ ਮਾਨਾਂਵਾਲਾ ਦੀ ਪੰਚਾਇਤ ‘ਆਪ’ ਵਿੱਚ ਸ਼ਾਮਲ
ਇਥੋਂ ਨਜ਼ਦੀਕੀ ਪਿੰਡ ਰੱਖ ਮਾਨਾਂਵਾਲਾ ਦੀ ਪੂਰੀ ਪੰਚਾਇਤ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ‘ਆਪ’ ਸਰਕਾਰ 2022 ਦੀਆਂ ਚੋਣਾਂ ਦੌਰਾਨ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਆਪਣੇ ਕੀਤੇ ਗਏ ਵਿਕਾਸ ਕਾਰਜਾਂ ਦੇ ਆਧਾਰ ’ਤੇ ‘ਆਪ’ ਦੀ ਨੀਤੀਆਂ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ਲੋਕ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ ਅਤੇ ‘ਆਪ’ ਦਾ ਕੁਨਬਾ ਲਗਾਤਾਰ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਹਲਕਾ ਜੰਡਿਆਲਾ ਗੁਰੂ ਵਿੱਚ ਪਿੰਡ ਰੱਖ ਮਾਨਾਂਵਾਲਾ ਤੋਂ ਸਰਪੰਚ ਕੰਵਲਜੀਤ ਕੌਰ, ਪੰਚਾਇਤ ਮੈਂਬਰ ਗੁਰਬੀਰ ਸਿੰਘ, ਅਮਰਜੀਤ ਕੌਰ, ਅਰਵਿੰਦਰ ਸਿੰਘ, ਸੁਖਵਿੰਦਰ ਕੌਰ ਸਮੇਤ ਹੋਰ ਪਰਿਵਾਰ ‘ਆਪ’ ਵਿੱਚ ਸ਼ਾਮਲ ਹੋਏ ਹਨ। ਈਟੀਓ ਨੇ ਕਿਹਾ ਕਿ ਇਨਾਂ ਸਾਰਿਆਂ ਦਾ ਪਾਰਟੀ ਵਿੱਚ ਪੂਰਾ ਮਾਣ-ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਸਰਕਾਰ ਨੇ ਆਪਣੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ 53 ਹਜ਼ਾਰ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਨ ਅਤੇ 600 ਯੂਨਿਟ ਬਿਜਲੀ ਮੁਫ਼ਤ, ਬੱਸਾਂ ਦੀ ਮੁਫ਼ਤ ਸਹੂਲਤ, ਮੁਫ਼ਤ ਰਾਸ਼ਨ ਦੀ ਸੁਵਿਧਾ, ਬੱਚਿਆਂ ਨੂੰ ਵੱਧੀਆ ਸਿੱਖਿਆ ਦੇਣ ਲਈ ਸਕੂਲ ਆਫ ਐਮੀਨੈਂਸ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ। ਕੈਬਿਨਟ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਪੰਜਾਬ ’ਚ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਸਾਲਾਨਾ ਮੁਫ਼ਤ ਇਲਾਜ ਦੀ ਸਹੂਲਤ ਦੇਣਾ ਸਰਕਾਰ ਦੀ ਵੱਡੀ ਪ੍ਰਾਪਤੀ ਹੈ।