ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਸਿੰਬਲੀ ਡਰੇਨ ਦਾ ਦੌਰਾ
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਕੀਤੇ ਗਏ ਇਸ ਦੌਰੇ ਦੌਰਾਨ ਮੌਕੇ ’ਤੇ ਐਸ.ਡੀ.ਐਮ. ਅਨਮਜੋਤ ਕੌਰ ਤੋਂ ਇਲਾਵਾ ਨੈਸ਼ਨਲ ਹਾਈਵੇਅ ਆਥਰਿਟੀ ਦੇ ਅਧਿਕਾਰੀ, ਡਰੇਨੇਜ਼ ਵਿਭਾਗ ਪੰਜਾਬ ਅਤੇ ਨਹਿਰੀ ਵਿਭਾਗ ਪੰਜਾਬ ਦੇ ਅਧਿਕਾਰੀ ਵੀ ਮੌਜੂਦ ਸਨ। ਸੰਤ ਸੀਚੇਵਾਲ ਨੇ ਇਨ੍ਹਾਂ ਅਧਿਕਾਰੀਆਂ ਨੂੰ ਡਰੇਨ ਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਦਾ ਕਾਰਨ ਦੱਸਦਿਆਂ ਕਿਹਾ ਕਿ ਇਹਦੇ ਹੇਠਾਂ ਜਿਹੜੇ ਪਾਈਪ ਪਾਏ ਹਨ ਉਹ ਬਹੁਤੇ ਉੱਚੇ ਹਨ ਜਿਸ ਨਾਲ ਡਰੇਨ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ। ਇਸ ਮੌਕੇ ਪਹੁੰਚੇ ਨਵਾਂ ਸ਼ਹਿਰ ਦੀ ਐਸ.ਡੀ.ਐਮ ਅਨਮਜੋਤ ਕੌਰ ਨੇ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਫਤੇ ਵਿੱਚ ਇਸਦੀ ਰਿਪੋਰਟ ਦੇਣ।
ਸੰਤ ਸੀਚੇਵਾਲ ਨੇ ਦੱਸਿਆ ਕਿ ਬਿਸਤ ਦੁਆਬ ਨਹਿਰ ਵਿੱਚੋਂ 200 ਕਿਊਸਿਕ ਪਾਣੀ ਚਿੱਟੀ ਵੇਂਈ ਵਿੱਚ ਛੱਡਿਆ ਜਾਣਾ ਹੈ। ਇਹ ਪਾਣੀ ਸਿੰਬਲੀ ਡਰੇਨ ਰਾਹੀਂ ਪਾਣੀ ਚਿੱਟੀ ਵੇਈਂ ਵਿੱਚ ਜਾਣਾ ਹੈ। ਇਸ ਲਈ ਇਸ ਡਰੇਨ ਦਾ ਜਿੱਥੇ ਸਾਫ ਹੋਣਾ ਜ਼ਰੂਰੀ ਹੈ ਉੱਥੇ ਹੀ ਇਹ ਪੁਲ ਦਾ ਮੁੜ ਨਿਰਮਾਣ ਕਰਵਾਉਣਾ ਜ਼ਰੂਰੀ ਹੈ ਤਾਂ ਜੋ 200 ਕਿਊਸਿਕ ਤੋਂ ਵੱਧ ਪਾਣੀ ਅਸਾਨੀ ਨਾਲ ਇਸ ਪੁਲ ਹੇਠੋਂ ਲੰਘ ਸਕੇ।