ਪੰਜਾਬ ’ਤੇ ਹੜ੍ਹਾਂ ਦੀ ਬਿਪਤਾ ਪਰ ਕੇਂਦਰ ਸਰਕਾਰ ਸੁੱਤੀ ਪਈ: ਚੀਮਾ
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ ਕਿ ਪੰਜਾਬ ਦੇ 60 ਹਜ਼ਾਰ ਕਰੋੜ ਰੁਪਏ ਕੇਂਦਰ ਵੱਲ ਬਕਾਇਆ ਪਏ ਹਨ, ਜੇ ਹੋਰ ਪੈਸੇ ਨਹੀਂ ਦੇਣੇ ਤਾਂ ਘੱਟੋ ਘੱਟ ਸਾਡੀ ਬਕਾਇਆ ਰਾਸ਼ੀ ਦੇ ਦੇਵੋ। ਦੁੱਖ ਦੀ ਇਸ ਘੜੀ ਵਿੱਚ ਚਾਰ ਸ਼ਬਦ ਤਾਂ ਕੀ ਬੋਲਣੇ ਸੀ ਸਗੋਂ ਸਾਡੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ। ਜਦ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਸੀ ਤਾਂ ਵਿੱਤ ਮੰਤਰੀ ਦਾ ਕਹਿਣਾ ਸੀ ਕਿ ਗੱਲਬਾਤ ਜ਼ਰੂਰ ਹੋਈ ਪਰ ਰਾਹਤ ਦਾ ਕੋਈ ਪੈਕੇਜ ਨਹੀਂ ਐਲਾਨਿਆ ਅਤੇ ਨਾ ਹੀ ਕੋਈ ਧੇਲਾ ਪੰਜਾਬ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ ਅਤੇ ਲਗਾਤਾਰ ਬਾਰਸ਼ ਹੋ ਰਹੀ ਹੈ, ਸਾਰੇ ਪੰਜਾਬ ਅੰਦਰ ਜਨਜੀਵਨ ਪ੍ਰਭਾਵਿਤ ਹੋਇਆ ਪਿਆ ਹੈ, ਮਜ਼ਦੂਰ ਮਰ ਰਿਹਾ, ਕਿਸਾਨ ਮਰ ਰਿਹਾ, ਵਪਾਰੀ ਮਰ ਰਿਹਾ ਪਰ ਦੇਸ਼ ਦਾ ਪ੍ਰਧਾਨ ਮੰਤਰੀ ਚੁੱਪ ਹੈ। ਪੂਰੀ ਪੰਜਾਬ ਸਰਕਾਰ, ਸਾਰੇ ਮੰਤਰੀ, ਸਾਰੇ ਐਮਐਲਏਜ਼ ਤੇ ਪੂਰਾ ਪ੍ਰਸ਼ਾਸਨ ਲੋਕਾਂ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀ ਮੱਦਦ ਕਰ ਰਹੇ ਹਨ ਪਰ ਕੇਂਦਰ ਦੀ ਸਰਕਾਰ, ਪੰਜਾਬ ਦੀ ਮੱਦਦ ਨਹੀਂ ਕਰ ਰਹੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੌਕੇ ’ਤੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਭੋਆ ਹਲਕੇ ਅੰਦਰ ਭਾਰੀ ਨੁਕਸਾਨ ਹੋਇਆ ਹੈ। ਹੜ੍ਹਾਂ ਦੀ ਰੋਕਥਾਮ ਲਈ ਇੱਥੇ ਫੰਡ ਜਲਦੀ ਦਿੱਤੇ ਜਾਣਗੇ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਹੜ੍ਹ ਖੇਤਰਾਂ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਉਸ ਤੋਂ ਬਾਅਦ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਮੇਂ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ, ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।