ਗੱਲਬਾਤ ਦਾ ਸੱਦਾ ਮਿਲਣ ’ਤੇ ਧਰਨਾ ਮੁਲਤਵੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਥਿਤ ਪੁਲੀਸ ਜ਼ਿਆਦਤੀਆਂ ਖ਼ਿਲਾਫ਼ ਅੱਜ ਬੁੱਧਵਾਰ ਨੂੰ ਡੀਐੱਸਪੀ ਦਫਤਰ ਸ਼ਾਹਕੋਟ ਅੱਗੇ ਦਿਤਾ ਜਾਣ ਵਾਲਾ ਧਰਨਾ ਡੀਐੱਸਪੀ ਵੱਲੋਂ ਗੱਲਬਾਤ ਦਾ ਸੱਦਾ ਦਿੱਤੇ ਜਾਣ ਮਗਰੋਂ ਮੁਲਤਵੀ ਕਰ ਦਿੱਤਾ ਗਿਆ। ਇਨ੍ਹਾਂ ਮੁੱਦਿਆ ਮੁੜ ਗੱਲਬਾਤ ਕਰਨ ਲਈ 21 ਅਗਸਤ ਦਾ ਸਮਾਂ ਰੱਖਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਅੱਜ ਪਿੰਡ ਚੱਕ ਬਾਹਮਣੀਆਂ ਤੇ ਥੰਮੂਵਾਲ ਦੇ ਕੱਚੀਆਂ ਜ਼ਮੀਨਾਂ ਦੇ ਮਾਲਕਾਂ ਕੋਲੋ ਜ਼ਮੀਨਾਂ ਦਾ ਕਬਜ਼ਾ ਲੈਣ ਲਈ ਪ੍ਰੋਗਰਾਮ ਸੀ ਜਿਸ ਨੂੰ ਬਾਅਦ ’ਚ ਪ੍ਰਸ਼ਾਸਨ ਵੱਲੋਂ ਮੁਲਤਵੀ ਕਰ ਦਿੱਤਾ। ਅਬਾਦਕਾਰਾਂ ਦੇ ਹੱਕ ਵਿਚ ਪਿੰਡ ਚੱਕ ਬਾਹਮਣੀਆਂ ਦੇ ਗੁਰਦੁਆਰਾ ਸਾਹਿਬ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਕਿਸਾਨ ਇਕੱਠੇ ਹੋਏ ਸਨ। ਇਸੇ ਦੌਰਾਨ ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਤੇ ਥਾਣਾ ਸ਼ਾਹਕੋਟ ਦੇ ਮੁਖੀ ਬਲਵਿੰਦਰ ਸਿੰਘ ਭੁੱਲਰ ਫੋਰਸ ਸਮੇਤ ਉੱਥੇ ਪਹੁੰਚੇ। ਦੋਵੇਂ ਧਿਰਾਂ ਦਰਮਿਆਨ ਚੱਲੀ ਗੱਲਬਾਤ ਦੌਰਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਨੇ ਭਾਰਤ ਮਾਲਾ ਪ੍ਰਾਜੈਕਟ ਦੇ ਵਿਚਕਾਰ ਕਿਸਾਨ ਕ੍ਰਿਸ਼ਨ ਦੇਵ ਵਾਸੀ ਮਿਆਣੀ ਦੇ ਜ਼ਮੀਨ ’ਤੇ ਘਰ ਦਾ ਕਬਜਾ ਲੈਣ ਸਮੇਂ ਕਿਸਾਨ ਨਾਲ ਕੀਤੀ ਧੱਕੇਸ਼ਾਹੀ ਤੇ ਆਗੂਆਂ ਦੇ ਘਰਾਂ ਵਿਚ ਪੁਲੀਸ ਭੇਜਣ ਅਤੇ ਪੁਲੀਸ ਵੱਲੋਂ ਕੀਤੀਆਂ ਕਈ ਹੋਰ ਜ਼ਿਆਦਤੀਆਂ ਬਾਰੇ ਪੱਖ ਰੱਖਿਆ। ਡੀਐੱਸਪੀ ਨੇ ਕਿਸਾਨ ਆਗੂ ਵੱਲੋਂ ਰੱਖੀਆਂ ਗੱਲਾਂ ਦਾ ਉੱਤਰ ਦਿੰਦਿਆਂ ਕਿਸਾਨ ਆਗੂਆਂ ਦੀ ਤਸੱਲੀ ਕਰਵਾਈ ਜਿਸ ਮਗਰੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ।