ਆਂਗਣਵਾੜੀ ਮੁਲਾਜ਼ਮ ਨੂੰ ਬਰਖ਼ਾਸਤ ਕਰਨ ’ਤੇ ਰੋਸ
ਆਂਗਣਵਾੜੀ ਮੁਲਾਜ਼ਮ ਯੂਨੀਅਨ, ਪੰਜਾਬ (ਸੀਟੂ) ਦੀ ਜ਼ਿਲ੍ਹਾ ਇਕਾਈ ਦੇ ਮੈਂਬਰ ਪ੍ਰਧਾਨ ਗੁਰਮਿੰਦਰ ਕੌਰ ਦੀ ਅਗਵਾਈ ਵਿੱਚ ਏਡੀਸੀ ਅਮਨਦੀਪ ਕੌਰ ਨੂੰ ਮਿਲੇ। ਉਨ੍ਹਾਂ ਮੰਗ ਪੱਤਰ ਸੌਂਪ ਕੇ ਬਰਖਾਸਤ ਕੀਤੀ ਜਸਵਿੰਦਰ ਕੌਰ, ਆਂਗਣਵਾੜੀ ਵਰਕਰ ਅਜਨਾਲਾ ਨੂੰ ਬਿਨਾਂ ਸ਼ਰਤ ਬਹਾਲ ਕਰਕੇ ਸਬੰਧਤ ਸੀਡੀਪੀਓ ਵਿਰੁੱਧ ਬਣਦੀ ਕਾਰਵਾਈ ਕਰਨ ਅਤੇ ਉਸ ਦੀ ਬਦਲੀ ਕਰਕੇ ਬੇਨਿਯਮੀਆਂ ਦੀ ਪੜਤਾਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਨੇ ਦੋਸ਼ ਲਗਾਇਆ ਕਿ ਸੀਡੀਪੀਓ ਦੀ ਗੈਰ ਹਾਜ਼ਰੀ ਵਿਚ ਸੁਪਰਵਾਈਜ਼ਰ ਰਾਜਵਿੰਦਰ ਕੌਰ ਵਰਕਰਾਂ ਦੀਆਂ ਗਲਤ ਸ਼ਿਕਾਇਤਾਂ ਕਰਦੀ ਹੈ। ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰ ਜਸਵਿੰਦਰ ਕੌਰ ਨੂੰ ਨਾਜਾਇਜ਼ ਤਰੀਕੇ ਨਾਲ ਬਰਖਾਸਤ ਕੀਤਾ ਗਿਆ ਹੈ ਜਿਸ ਕਾਰਨ ਸਮੁੱਚੀ ਯੂਨੀਅਨ ਵਿੱਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਨਵਾੜੀ ਵਰਕਰ ਨੂੰ ਤੁਰੰਤ ਬਹਾਲ ਕੀਤਾ ਜਾਵੇ ਨਹੀਂ ਤਾਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।
ਇਸ ਸਬੰਧੀ ਅਜਨਾਲਾ ਦੇ ਸੀਡੀਪੀਓ ਬਿਕਰਮਜੀਤ ਸਿੰਘ ਨੇ ਕਿਹਾ ਕਿ ਆਂਗਣਵਾੜੀ ਵਰਕਰ ਜਸਵਿੰਦਰ ਕੌਰ ਨੂੰ ਪੂਰੇ ਵਿਭਾਗੀ ਨਿਯਮਾਂ ਅਨੁਸਾਰ ਬਰਖ਼ਾਸਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਵਰਕਰ ਵੱਲੋਂ ਵਿਭਾਗੀ ਨੋਟਿਸਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ।
ਇਸ ਮੌਕੇ ਸੀਟੂ ਦੇ ਸੂਬਾਈ ਵਿੱਤ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ, ਮੀਤ ਪ੍ਰਧਾਨ ਚਰਨਜੀਤ ਮਜੀਠਾ, ਜਨਰਲ ਸਕੱਤਰ ਜਗਜੀਤ ਕੌਰ, ਬਲਜੀਤ ਕੌਰ, ਸਰਕਲ ਪ੍ਰਧਾਨ ਰਾਜਮੀਤ, ਪਰਮਜੀਤ ਖਾਲੋਵਾਲ, ਚਰਨਜੀਤ ਕੌਰ ਆਦਿ ਵੀ ਹਾਜ਼ਰ ਸਨ।