ਜਗਤਪੁਰ ਜੱਟਾਂ ਕਤਲ ਮਾਮਲੇ ’ਚ ਐੱਸਪੀ ਦਫ਼ਤਰ ਅੱਗੇ ਪ੍ਰਦਰਸ਼ਨ
ਪੀੜਤ ਪਰਿਵਾਰ ਤੇ ਪਿੰਡ ਦੇ ਲੋਕ ਵੱਡੀ ਗਿਣਤੀ ’ਚ ਅੱਜ ਐੱਸਪੀ ਦਫ਼ਤਰ ਪੁੱਜੇ। ਉਨ੍ਹਾਂ ਦੱਸਿਆ ਕਿ ਕੁੱਝ ਪੁਲੀਸ ਕਰਮਚਾਰੀ ਪਰਿਵਾਰ ਦੇ ਕਰੀਬੀ ਵਿਅਕਤੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਬੀਤੇ ਦਿਨ ਵਫ਼ਦ ਐੱਸਐੱਚਓ ਸਤਨਾਮਪੁਰਾ ਨੂੰ ਮਿਲਣ ਗਿਆ ਤਾਂ ਉਨ੍ਹਾਂ ਪਿੰਡ ਵਾਸੀਆਂ ਨਾਲ ਮਾੜਾ ਵਤੀਰਾ ਅਪਨਾਇਆ। ਇਸ ਉਪਰੰਤ ਵਫ਼ਦ ਨੇ ਅੱਜ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ ਕੀਤੀ ਤੇ ਬਾਅਦ ’ਚ ਪੀੜਤ ਧਿਰ ਇਨਸਾਫ਼ ਦੀ ਮੰਗ ਲਈ ਐੱਸਪੀ ਦਫ਼ਤਰ ਪੁੱਜੀ।
ਗੱਲਬਾਤ ਕਰਦਿਆਂ ਰੇਸ਼ਮ ਲਾਲ ਨੇ ਕਿਹਾ ਕਿ ਪੁਲੀਸ ਪਰਿਵਾਰ ਨੂੰ ਤੰਗ ਕਰਨਾ ਬੰਦ ਕੇ ਕਿਉਂਕਿ ਮੁਲਜ਼ਮ ਪਿਓ-ਪੁੱਤਰ ਹੀ ਨੌਜਵਾਨ ਨੂੰ ਰਾਤ ਸਮੇਂ ਕੰਮ ’ਤੇ ਲੈ ਕੇ ਗਏ ਸੀ ਤੇ ਸਵੇਰੇ ਉਸ ਦੇ ਕੱਪੜੇ ਲੈ ਕੇ ਘਰ ਆਏ ਸਨ। ਉਹ ਲੜਕੇ ਸਬੰਧੀ ਕੋਈ ਸੰਤੁਸ਼ਟ ਜੁਆਬ ਨਹੀਂ ਦੇ ਸਕੇ, ਜਦੋਂ ਲੜਕੇ ਦੀ ਭਾਲ ਕੀਤੀ ਤਾਂ ਮੁਲਜ਼ਮ ਪਰਿਵਾਰ ਦੇ ਪੁਰਾਣੇ ਖੂਹ ਨੇੜਿਓਂ ਨੌਜਵਾਨ ਦੀ ਲਾਸ਼ ਮਿਲੀ ਸੀ।
ਮੌਕੇ ’ਤੇ ਡੀਐੱਸਪੀ ਭਾਰਤ ਭੂਸ਼ਣ ਪੁੱਜੇ ਤੇ ਵਫ਼ਦ ਨਾਲ ਗੱਲਬਾਤ ਕੀਤੀ। ਉਨ੍ਹਾਂ ਇਨਸਾਫ਼ ਦਾ ਭਰੋਸਾ ਦਿੰਦਿਆਂ ਕਿਹਾ ਕਿ ਪੁਲੀਸ ਕਿਸੇ ਵਿਅਕਤੀ ਨੂੰ ਪ੍ਰੇਸ਼ਾਨ ਨਹੀਂ ਕਰਦੀ, ਸਿਰਫ਼ ਆਪਣੀ ਜਾਂਚ ਨੂੰ ਮੁਕੰਮਲ ਕਰਨ ਲਈ ਹਰ ਪੱਧਰ ’ਤੇ ਜਾਂਚ ਕਰਨੀ ਜ਼ਰੂਰੀ ਹੈ। ਧਰਨੇ ’ਚ ਸਰਪੰਚ ਕੁਲਦੀਪ, ਸੁਰਜੀਤ ਜੱਖੂ, ਰੇਸ਼ਮਪਾਲ, ਸੁਰਿੰਦਰਪਾਲ, ਰਾਮ ਲਾਲ ਪ੍ਰਧਾਨ, ਰਾਮ ਸ਼ਰਨ ਸਮੇਤ ਕਈ ਪਿੰਡ ਵਾਸੀ ਸ਼ਾਮਲ ਸਨ।