ਝੋਨੇ ’ਚ ਕੱਟ ਖ਼ਿਲਾਫ਼ ਕਿਸਾਨ ਵਿੱਚ ਰੋਸ
ਮੰਡੀਆਂ ਵਿੱਚ ਨਮੀ ਦੇ ਨਾਮ ’ਤੇ ਝੋਨੇ ਦੀ ਫ਼ਸਲ ਵਿੱਚ ਲਾਏ ਜਾਂਦੇ ਕੱਟ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਵਫ਼ਦ ਅੱਜ ਐੱਸ ਡੀ ਐੱਮ ਮੁਕੇਰੀਆਂ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਕਿਸਾਨ ਆਗੂ ਆਗੂ ਗੁਰਨਾਮ ਸਿੰਘ ਜਹਾਨਪੁਰ, ਉਂਕਾਰ ਸਿੰਘ ਪੁਰਾਣਾ ਭੰਗਾਲਾਂ, ਜਗਦੀਸ਼ ਸਿੰਘ ਰਾਜਾ, ਵਿਜੈ ਕੁਮਾਰ ਬਹਿਬਲਮੰਜ, ਸਤੀਸ਼ ਪਠਾਣੀਆ, ਸੌਰਵ ਮਿਨਹਾਸ, ਜਗਦੇਵ ਸਿੰਘ ਮਹਿਤਪੁਰ ਨੇ ਪ੍ਰਸਾਸ਼ਨਿਕ ਅਧਿਕਾਰੀ ਕੋਲੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਸੁਚਾਰੂ ਖ਼ਰੀਦ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਮੰਡੀ ਵਿੱਚ ਨਮੀ ਚੈੱਕ ਕਰਨ ਵਾਲੀ ਸਰਕਾਰੀ ਮਸ਼ੀਨ ਮੁਹੱਈਆ ਕਰਾਉਣ ਅਤੇ ਪਖਾਨਿਆਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਹੈ। ਪ੍ਰਸ਼ਾਸਨਿਕ ਅਧਿਕਾਰੀ ਅੰਕੁਰ ਮਹਿੰਦਰੂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਮੰਡੀ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਮਾਰਕੀਟ ਕਮੇਟੀ ਅਧਿਕਾਰੀਆਂ ਦੇ ਉਲਟ ਇੱਕੁ ਦੁੱਕਾ ਮੰਡੀਆਂ ਨੂੰ ਛੱਡ ਕੇ ਮੰਡੀਆਂ ਵਿੱਚ ਨਾ ਤਾਂ ਪਖਾਨੇ ਹਨ ਅਤੇ ਨਾ ਹੀ ਪੀਣ ਵਾਲੇ ਸਾਫ ਪਾਣੀ ਦਾ ਕੋਈ ਪ੍ਰਬੰਧ ਹੈ। ਉਨ੍ਹਾਂ ਮੰਗ ਕੀਤੀ ਕਿ ਮੰਡੀ ਵਿੱਚ ਆੜਤੀਏ ਦੇ ਕੰਡੇ ਤੋਂ ਇਲਾਵਾ ਬੋਰੀ ਵਿੱਚ ਭਰਤੀ ਚੈਕ ਕਰਨ ਲਈ ਲੱਕੜ ਦਾ ਇੱਕ ਤੋਲ ਕੰਡਾ ਅਲੱਗ ਤੋਂ ਲਗਾਇਆ ਜਾਵੇ।
ਕਿਸਾਨ ਸਹਾਇਤਾ ਕੇਂਦਰ ਖੋਲ੍ਹਿਆ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਝੋਨੇ ਦੀ ਕਟਾਈ ਸ਼ੁਰੂ ਹੋਣ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਨੂੰ ਸਾੜੇ ਬਿਨਾਂ ਅਗਲੀ ਫਸਲ ਦੀ ਬਿਜਾਈ ਕਰਨ ਵਾਸਤੇ ਕਿਸਾਨਾਂ ਦੀ ਸਹਾਇਤਾ ਕਰਨ ਲਈ ਵਿਸ਼ੇਸ਼ ਉਪਰਾਲੇ ਸ਼ੁਰੂ ਕੀਤੇ ਹਨ। ਜਿਸ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਿਸਾਨ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਹੈ । ਇਸ ਦੌਰਾਨ ਜੋ ਕਿਸਾਨ ਮੰਡੀ ਵਿੱਚ ਝੋਨਾ ਲੈ ਕੇ ਆ ਰਹੇ ਹਨ, ਨੂੰ ਪਰਾਲੀ ਪ੍ਰਬੰਧਨ ਲਈ ਖੇਤੀ ਸੰਦ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦਿੱਤੀ।