ਦਸੂਹਾ ਦੀ ਵਿਗੜੀ ਸਫ਼ਾਈ ਵਿਵਸਥਾ ਖ਼ਿਲਾਫ਼ ਰੋਸ
ਨਗਰ ਕੌਂਸਲ ਦਸੂਹਾ ਦੇ ਸਫ਼ਾਈ ਕਾਮੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ। ਜਿਸ ਕਾਰਨ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਮੁਹੱਲਿਆਂ ਅਤੇ ਬਾਜ਼ਾਰਾਂ ਵਿੱਚ ਗੰਦਗੀ ਦੇ ਢੇਰਾਂ ਨੇ ਲੋਕਾਂ ਦਾ ਜਿਊਦਾ ਮੁਹਾਲ ਕਰ ਦਿੱਤਾ ਹੈ। ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਸੜਕਾਂ ’ਤੇ ਗੰਦੇ ਪਾਣੀ ਦੇ ਛੱਪੜ ਲੱਗੇ ਹੋਏ ਹਨ, ਜਿਸ ਨਾਲ ਬਦਬੂ ਅਤੇ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਗੰਦਗੀ ਤੋਂ ਤੰਗ ਮੁਹੱਲਾ ਮਹਾਜਨਾਂ ਦੇ ਵਸਨੀਕਾਂ ਵੱਲੋਂ ਭਾਰਤੀ ਮਜ਼ਦੂਰ ਸੰਘ ਦੇ ਆਗੂ ਕਾਮਰੇਡ ਵਿਜੈ ਸ਼ਰਮਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਵਸਨੀਕਾਂ ਨੇ ਸ਼ਹਿਰ ਦੀ ਸਫ਼ਾਈ ਵਿਵਸਥਾ ਦਰੁਸਤ ਕਰਨ ਅਤੇ ਸਫ਼ਾਈ ਕਾਮਿਆਂ ਦੀਆਂ ਮੰਗਾਂ ਨੂੰ ਤੁਰੰਤ ਮਨਜ਼ੂਰ ਕਰਨ ਦੀ ਮੰਗ ਕੀਤੀ। ਕਾਮਰੇਡ ਵਿਜੈ ਸ਼ਰਮਾ ਨੇ ਸ਼ਹਿਰ ਦੀ ਵਿਗੜੀ ਸਫ਼ਾਈ ਵਿਵਸਥਾ ਲਈ ਸਰਕਾਰ ਦੀਆਂ ਮੁਲਾਜ਼ਮ-ਮਾਰੂ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਬਜ਼ਾਰਾਂ ਵਿੱਚ ਲੱਗੇ ਕੂੜੇ ਦੇ ਢੇਰਾਂ ਕਾਰਨ ਜਿਥੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਉਥੇ ਹੀ ਡੇਂਗੂ ਅਤੇ ਮਲੇਰੀਆ ਵਰਗੀਆਂ ਜਾਨਲੇਵਾ ਬਿਮਾਰੀਆਂ ਫੈਲ ਸਕਦੀਆਂ ਹਨ। ਇਸ ਮੌਕੇ ਸਾਂਈ ਰਿੰਕੂ ਮਿਹਰਾ ਆਦਿ ਮੁਹੱਲਾ ਨਿਵਾਸੀ ਮੌਜੂਦ ਸਨ।
ਸਫ਼ਾਈ ਪ੍ਰਬੰਧਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ: ਈ ਓ
ਦਸੂਹਾ ਕੌਂਸਲ ਦੇ ਕਾਰਜ ਸਾਧਕ ਅਫਸਰ ਕਮਲਜਿੰਦਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਸਫ਼ਾਈ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸਫ਼ਾਈ ਸੇਵਾਵਾਂ ਨੂੰ ਜਲਦੀ ਬਹਾਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 27 ਸਤੰਬਰ ਨੂੰ ਚੰਡੀਗੜ੍ਹ ਵਿੱਚ ਸਫ਼ਾਈ ਯੂਨੀਅਨ ਦੇ ਨੁਮਾਇੰਦਿਆਂ ਦੀ ਸਬੰਧਤ ਵਿਭਾਗ ਦੇ ਆਲਾ ਅਧਿਕਾਰੀਆਂ ਨਾਲ ਬੈਠਕ ਨਿਰਧਾਰਿਤ ਹੈ। ਇਸ ਵਿੱਚ ਸਾਰਥਕ ਨਤੀਜੇ ਨਿਕਲਣ ਦੀ ਪੂਰੀ ਸੰਭਾਵਨਾ ਹੈ। ਇਸ ਮਗਰੋਂ ਨਗਰ ਵਿੱਚ ਸਫ਼ਾਈ ਵਿਵਸਥਾ ਫੌਰੀ ਬਹਾਲ ਕਰਵਾਈ ਜਾਵੇਗੀ।