ਪੇਂਡੂ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਖ਼ਿਲਾਫ਼ ਪ੍ਰਦਰਸ਼ਨ
ਦੀਪਕ ਠਾਕੁਰ
ਤਲਵਾੜਾ, 18 ਅਪਰੈਲ
ਇਥੇ ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਤਲਵਾੜਾ ਦੇ ਦਫ਼ਤਰ ਅੱਗੇ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦੇ ਵਿਰੋਧ ਵਿਚ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਬ੍ਰਾਂਚ ਤਲਵਾੜਾ ਅਤੇ ਮੁਕੇਰੀਆਂ ਦੇ ਪ੍ਰਧਾਨ ਰਾਜੀਵ ਸ਼ਰਮਾ ਤੇ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਕੀਤੇ ਰੋਸ ਮੁਜਾਹਰੇ ਵਿਚ ਮੁਲਾਜ਼ਮਾਂ ਤੋਂ ਇਲਾਵਾ ਪੰਚਾਇਤ ਯੂਨੀਅਨ ਤਲਵਾੜਾ ਦੇ ਬੈਨਰ ਹੇਠਾਂ ਵੱਖ ਵੱਖ ਪਿੰਡਾਂ ਦੇ ਸਰਪੰਚ ਵੀ ਸ਼ਾਮਲ ਹੋਏ। ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜ਼ੋਨ ਜਨਰਲ ਸਕੱਤਰ ਸੁਖਦੇਵ ਸਿੰਘ ਜਾਜਾ, ਗੁਰਮੀਤ ਸਿੰਘ, ਸ਼ਾਮ ਸਿੰਘ, ਗੁਰਦੀਪ ਸਿੰਘ, ਸ਼ਾਂਤੀ ਸਰੂਪ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲ ਸਪਲਾਈ ਸਕੀਮਾਂ ਦੇ ਪੰਚਾਇਤੀ ਕਰਨ ਦੀ ਆੜ ਹੇਠ ਨਿੱਜੀਕਰਨ ਦੀ ਤਿਆਰੀ ਕਰ ਰਹੀ ਹੈ। ਸਰਕਾਰ ਵਿਭਾਗ ਵਿਚ ਖਾਲੀ ਅਸਾਮੀਆਂ ਭਰਨ ਦੀ ਬਜਾਏ ਇਨ੍ਹਾਂ ਨੂੰ ਪੰਚਾਇਤਾਂ ਦੇ ਸਪੁਰਦ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਪੰਚਾਇਤ ਯੂਨੀਅਨ ਤਲਵਾੜਾ ਤੋਂ ਬੋਲਦਿਆਂ ਸਰਪੰਚ ਗੁਰਧਿਆਨ ਸਿੰਘ, ਮੁਕੇਸ਼ ਕੁਮਾਰ, ਨੂਰ ਮੁਹੰਮਦ, ਪ੍ਰਵੀਨ ਕੁਮਾਰ ਆਦਿ ਨੇ ਕਿਹਾ ਕਿ ਪੰਚਾਇਤਾਂ ਜਲ ਸਪਲਾਈ ਸਕੀਮਾਂ ਚਲਾਉਣ ਤੋਂ ਅਸਮਰੱਥ ਹਨ, ਦਫ਼ਤਰੀ ਅਮਲੇ ਦੀ ਘਾਟ ਕਾਰਨ ਪੰਚਾਇਤਾਂ ਦੇ ਆਪਣੇ ਕੰਮ ਸਮੇਂ ਸਿਰ ਮੁਕੰਮਲ ਨਹੀਂ ਹੁੰਦੇ, ਜਲ ਸਪਲਾਈ ਸਕੀਮਾਂ ਦਾ ਪ੍ਰਬੰਧਨ ਪੰਚਾਇਤਾਂ ਦੇ ਵੱਸ ਤੋਂ ਬਾਹਰੀ ਹੈ। ਪੰਚਾਇਤਾਂ ਨੂੰ ਪਹਿਲਾਂ ਦਿੱਤੀਆਂ ਸਕੀਮਾਂ ਦਾ ਤਜ਼ਰਬਾ ਫੇਲ੍ਹ ਸਾਬਤ ਹੋ ਚੁੱਕਾ ਹੈ, ਬਲਾਕ ਤਲਵਾੜਾ ਦੇ ਪਿੰਡ ਸਧਾਣੀ, ਕਰਟੋਲੀ, ਅੰਧਵਾੜ ਪੱਤੀ ਅਤੇ ਲੱਬਰ ਦੀਆਂ ਪੰਚਾਇਤਾਂ ਇਹ ਸਕੀਮਾਂ ਮੁੜ ਵਿਭਾਗ ਨੂੰ ਦੇਣ ਦੀ ਮੰਗ ਕਰ ਰਹੀਆਂ ਹਨ।
