ਨਕੋਦਰ ਪੁਲੀਸ ਖਿਲਾਫ ਧਰਨਾ ਅੱਜ
ਨਕੋਦਰ ਪੁਲੀਸ ਦੀਆਂ ਕਥਿਤ ਮਨਮਾਨੀਆਂ, ਧੱਕੇਸ਼ਾਹੀਆਂ ਅਤੇ ਮਾੜੇ ਵਤੀਰੇ ਖ਼ਿਲਾਫ਼ ਇਲਾਕੇ ਦੀਆਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 1 ਸਤੰਬਰ ਨੂੰ ਨਕੋਦਰ ਥਾਣੇ ਅੱਗੇ ਧਰਨਾ ਲਾਇਆ ਜਾਵੇਗਾ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਦੱਸਿਆ ਕਿ ਪਿੰਡ ਨੂਰਪੁਰ ਚੱਠਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਲਜੀਤ ਜੀਤੀ ਤੇ ਉਸ ਦੇ ਭਰਾਵਾਂ ’ਤੇ ਗੁੰਡਿਆਂ ਵੱਲੋਂ ਹਮਲਾ ਕਰਨ ਦੇ ਮਾਮਲੇ ’ਚ ਪੁਲੀਸ ਪੱਖਪਾਤੀ ਰਵੱਈਆ ਅਖਤਿਆਰ ਕਰ ਰਹੀ ਹੈ। ਇਸੇ ਤਰਾਂ ਨਕੋਦਰ ਦੇ ਸੁੰਦਰ ਨਗਰ ਦੀ ਇਕ ਔਰਤ ਦੇ ਘਰੋਂ 2 ਮਹੀਨੇ ਪਹਿਲਾ ਕੁਝ ਲੋਕ ਧੱਕੇ ਨਾਲ ਉਸ ਦੀ ਕਾਰ ਖੋਹ ਕੇ ਲੈ ਗਏ, ਜਿਸ ’ਤੇ ਪੁਲੀਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀ ਕੀਤੀ। ਹੋਰ ਵੀ ਅਨੇਕਾਂ ਘਟਨਾਵਾਂ ਹਨ ਜਿਨ੍ਹਾਂ ਵਿਚ ਪੁਲੀਸ ਨੇ ਪੀੜਤਾਂ ਦੀ ਗੱਲ ਨਹੀ ਸੁਣੀ। ਉਨ੍ਹਾਂ ਨੇ ਇਨਸਾਫ਼ ਪਸੰਦ ਲੋਕਾਂ ਨੂੰ ਧਰਨੇ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਣ ਸਿੰਘ ਬੱਲ ਨੇ ਧਰਨੇ ਦੀ ਹਮਾਇਤ ਕਰਦਿਆ 1 ਸਤੰਬਰ ਦੇ ਧਰਨੇ ਵਿਚ ਵੱਡੀ ਗਿਣਤੀ ਵਿਚ ਸਮੂਲੀਅਤ ਕਰਨ ਦਾ ਐਲਾਨ ਕੀਤਾ।