ਸਕੂਲੀ ਬੱਚਿਆਂ ਤੋਂ ਸਿਲੰਡਰ ਚੁਕਵਾਉਣ ਦਾ ਵਿਰੋਧ
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਧਿਆਨਪੁਰ ਵਿੱਚ ਅਧਿਆਪਕਾਂ ਵੱਲੋਂ ਸਕੂਲੀ ਬੱਚਿਆਂ ਤੋਂ ਸਿਲੰਡਰ ਚੁਕਵਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪਿੰਡ ਧਿਆਨਪੁਰ ਦੇ ਵਸਨੀਕ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਘਰ ਤੋਂ ਸਕੂਲ ਵੱਲ ਜਾ ਰਿਹਾ ਸੀ, ਜਦੋਂ ਉਹ ਸਕੂਲ ਨੇੜੇ ਪਹੁੰਚਿਆ ਤਾਂ ਦੇਖਿਆ ਕਿ ਅਧਿਆਪਕ ਛੋਟੇ-ਛੋਟੇ ਬੱਚਿਆਂ ਤੋਂ ਗੈਸ ਦਾ ਭਰਿਆ ਸਿਲੰਡਰ ਚੁਕਵਾ ਕੇ ਲਿਜਾ ਰਿਹਾ ਸੀ। ਇਸ ਮਾਮਲੇ ਦੀ ਉਸ ਨੇ ਆਪਣੇ ਮੋਬਾਈਲ ਕੈਮਰੇ ’ਚ ਵੀਡੀਓ ਬਣਾਈ, ਜਿਸ ’ਤੇ ਅਧਿਆਪਕ ਨੇ ਉਸ ਨਾਲ ਮਾੜਾ ਸਲੂਕ ਕੀਤਾ। ਬੱਚਿਆਂ ਤੋਂ ਸਿਲੰਡਰ ਦੀ ਢੋਆ-ਢੁਆਈ ਕਰਵਾਉਣ ਦਾ ਪਤਾ ਲੱਗਣ ’ਤੇ ਬੱਚਿਆਂ ਦੇ ਮਾਪਿਆਂ ’ਚ ਰੋਸ ਹੈ। ਉਨ੍ਹਾਂ ਉੱਚ ਅਧਿਕਾਰੀਆਂ ਪਾਸੋਂ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਹ ਆਪਣੇ ਬੱਚੇ ਸਕੂਲ ਪੜ੍ਹਾਉਣ ਲਈ ਭੇਜਦੇ ਹਨ ਨਾ ਕਿ ਸਿਲੰਡਰਾਂ ਦੀ ਢੁਆਈ ਲਈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਬਾਲ ਮਜ਼ਦੂਰੀ ’ਤੇ ਰੋਕ ਲਗਾ ਰਹੀ ਹੈ ਅਤੇ ਦੂਜੇ ਪਾਸੇ ਸਿੱਖਿਆ ਦੇਣ ਵਾਲੇ ਹੀ ਉਨ੍ਹਾਂ ਕੋਲੋਂ ਬਾਲ ਮਜ਼ਦੂਰੀ ਕਰਵਾ ਰਹੇ ਹਨ।
ਅਧਿਆਪਕ ਨੂੰ ਨੋਟਿਸ ਜਾਰੀ: ਡੀ ਈ ਓ
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੰਵਲਜੀਤ ਸਿੰਘ ਨੇ ਕਿਹਾ ਕਿ ਸਬੰਧਿਤ ਅਧਿਆਪਕ ਨੂੰ ਵਿਭਾਗੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਬਾਲ ਵਿਭਾਗ ਵੱਲੋਂ ਬਾਲ ਐਕਟ ਤਹਿਤ ਕਾਰਵਾਈ ਵੀ ਕੀਤੀ ਜਾ ਰਹੀ ਹੈ।
 
 
             
            