ਭਾਜਪਾ ਦੇ ਕੈਂਪ ਜਬਰੀ ਬੰਦ ਕਰਵਾਉਣ ਦਾ ਵਿਰੋਧ
ਭਾਜਪਾ ਵੱਲੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਪੰਜਾਬ ’ਚ ਲੋਕਾਂ ਤੱਕ ਪਹੁੰਚਾਉਣ ਲਈ ਲਾਏ ਜਾ ਰਹੇ ਕੈਂਪਾਂ ਨੂੰ ਪੁਲੀਸ ਵੱਲੋਂ ਹਟਾਉਣ ਦੇ ਵਿਰੋਧ ’ਚ ਅੱਜ ਇੱਥੇ ਭਾਜਪਾ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ ਹੇਠ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਸ੍ਰੀ ਸ਼ਰਮਾ ਨੇ ਪੁਲੀਸ ਵੱਲੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਅਧਿਕਾਰਾਂ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਾਂ ਪੁਲੀਸ ਆਪਣੀ ਤਾਕਤ ਨਾਲ ਭਾਜਪਾ ਵਰਕਰਾਂ ਦੇ ਹੌਸਲੇ ਤੋੜ ਨਹੀਂ ਸਕਦੀ।
ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਮਾਨ ਸਰਕਾਰ ਦੀ ਇਸ ਕਾਰਵਾਈ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ‘ਆਪ’ ਜਨਤਾ ਦੀ ਪਾਰਟੀ ਹੋਣ ਦਾ ਦਿਖਾਵਾ ਕਰ ਰਹੀ ਹੈ ਜਦੋਂਕਿ ਅਸਲ ’ਚ ਇਹ ਪਾਰਟੀ ਦਲਿਤ, ਗ਼ਰੀਬ, ਕਿਸਾਨ ਤੇ ਮਹਿਲਾ ਵਿਰੋਧੀ ਪਾਰਟੀ ਹੈ। ਪਾਰਟੀ ਦੇ ਸੂਬਾ ਸਕੱਤਰ ਮੀਨੂ ਸੇਠੀ ਨੇ ਕਿਹਾ ਕਿ ਪੰਜਾਬ ਅੰਦਰ ਭਾਜਪਾ ਦੇ ਵਧ ਰਹੇ ਪ੍ਰਭਾਵ ਨੂੰ ਦੇਖ ਕੇ ਮਾਨ ਸਰਕਾਰ ਬੌਖਲਾਹਟ ਵਿੱਚ ਆ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਮਾਨ ਸਰਕਾਰ ਦੇ ਜਬਰ ਨੂੰ ਹੁਣ ਹੋਰ ਸਹਿਣ ਨਹੀਂ ਕਰੇਗੀ।
ਇਸ ਮੌਕੇ ਭਾਜਪਾ ਨੇਤਾ ਤ੍ਰਿਸ਼ਲਾ ਸ਼ਰਮਾ, ਬਿੰਦੂ ਸੂਦ, ਰਜਨੀ ਸੈਣੀ, ਹੇਮ ਲਤਾ ਵਿਗ, ਸੰਤੋਸ਼ ਵਸ਼ਿਸ਼ਟ, ਪਰਮਜੀਤ ਕੌਰ, ਸੁਖਵਿੰਦਰ ਕੌਰ, ਅਸ਼ਵਨੀ ਓਹਰੀ, ਜਤਿੰਦਰ ਪੁਰੀ ਆਦਿ ਮੌਜੂਦ ਸਨ।