ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ
ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਅੱਜ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ ਹਨ। ਇਹ ਸ਼ੋਭਾ ਯਾਤਰਾਵਾਂ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਲੰਘੀਆਂ, ਜਿਸ ਦੇ ਮੱਦੇਨਜ਼ਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੈ ਗੁਪਤਾ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਅਤੇ ਪੰਜਾਬ ਐਸਸੀ ਲੈਂਡ ਡਿਵੈੱਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਦੇ ਡਾਇਰੈਕਟਰ ਰਵਿੰਦਰ ਹੰਸ ਨੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ ਲਈ ਰੂਟਾਂ ਦੀ ਸਫਾਈ ਦੀ ਨਿਗਰਾਨੀ ਕੀਤੀ। ਇਸ ਮੌਕੇ ਵਿਧਾਇਕ ਅਤੇ ਮੇਅਰ ਨੇ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀਆ ਨੂੰ ਸ਼ੋਭਾ ਯਾਤਰਾ ਦੇ ਰੂਟ ’ਤੇ ਬਿਹਤਰ ਸਫਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਪੀਲ ਕੀਤੀ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਉਨ੍ਹਾਂ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜਿੱਥੇ ਧਾਰਮਿਕ ਪ੍ਰੋਗਰਾਮ ਅਤੇ ਨਗਰ ਕੀਰਤਨ ਹੋਣੇ ਹਨ। ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਭਜਨ ਗਾਏ। ਇਸ ਦੌਰਾਨ ਵਾਲਮੀਕ ਤੀਰਥ ਵਿਖੇ ਵੀ ਵਿਸ਼ੇਸ ਸਮਾਗਮ ਕੀਤੇ ਜਾ ਰਹੇ ਹਨ।
ਫਗਵਾੜਾ (ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਭਗਵਾਨ ਵਾਲਮੀਕਿ ਮੰਦਰ ਕਮੇਟੀ ਬੰਗਾ ਰੋਡ ਫਗਵਾੜਾ ਤੇ ਪਲਾਹੀ ਗੇਟ ਸਥਿਤ ਭਗਵਾਨ ਵਾਲਮੀਕਿ ਮੰਦਿਰ ਫਗਵਾੜਾ ਵੱਲੋਂ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਬੰਗਾ ਰੋਡ ਅਤੇ ਪਲਾਹੀ ਗੇਟ ਫਗਵਾੜਾ ਤੋ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੋਂ ਹੁੰਦੀ ਹੋਈ ਬੰਗਾ ਰੋਡ ’ਤੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿੱਚ ਝਾਕੀਆਂ ਕਾਫੀ ਖਿੱਚ ਦਾ ਕੇਂਦਰ ਰਹੀਆਂ। ਥਾਂ-ਥਾਂ ਲੰਗਰ ਲਗਾਏ ਗਏ, ਬੈਂਡ ਵਾਜੇ ਅਤੇ ਭੰਗੜੇ ਦੀਆਂ ਟੀਮਾਂ ਨੇ ਹਾਜ਼ਰੀ ਲਵਾਈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਰਣਜੀਤ ਸਿੰਘ ਖੁਰਾਣਾ, ਆਸ਼ੂ ਸਾਂਪਲਾ, ਹਰਜੀ ਮਾਨ, ਅਨੀਤਾ ਸੋਮ ਪ੍ਰਕਾਸ ਨੇ ਵੀ ਸ਼ੋਭਾ ਯਾਤਰਾ ’ਚ ਹਾਜ਼ਰੀ ਲਗਵਾਈ।
ਸ਼ਾਹਕੋਟ (ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਮਲਸੀਆਂ, ਕੋਟਲੀ ਗਾਜਰਾਂ, ਬਾਹਮਣੀਆਂ, ਕੋਹਾੜ ਕਲਾਂ, ਮਹਿਤਪੁਰ, ਟੁੱਟ ਕਲਾਂ ਅਤੇ ਲੋਹੀਆਂ ਖਾਸ ਵਿਚ ਸ਼ੋਭਾ ਯਾਤਰਾਵਾਂ ਸਜਾਈਆਂ ਗਈਆਂ। ਸ਼ੋਭਾ ਯਾਤਰਾਵਾਂ ਵਿਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਸ਼ਮੂਲੀਅਤ ਕੀਤੀ।