ਪੀਆਰ 131: ਵਿਸ਼ੇਸ਼ ਗਿਰਦਾਵਰੀ ਤੇ ਮੁਆਵਜ਼ੇ ਦੀ ਮੰਗ
ਆਗੂਆਂ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਵਲੋਂ ਸਿਫਾਰਿ਼ਸ ਕੀਤੀ ਗਈ ਝੋਨੇ ਦੀ ਕਿਸਮ ਪੀਆਰ 131 ਨੁਕਸਾਨਦੇਹ ਨਿਕਲੀ ਹੈ, ਜਿਸ ਕਾਰਨ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਪਿੰਡ ਨੰਗਲ, ਬਰੋਟਾ, ਭਾਗੜਾ, ਸਿੰਘਪੁਰ, ਘੱਲੀਆਂ, ਕੋਲੀਆ, ਪੰਡੋਰੀ, ਮਲਕੋਵਾਲ, ਸਹੋੜਾ ਡਡਿਆਲ, ਜਾਖਰਾਵਾਲ, ਖੁੰਡਾ, ਮਾਵਾਂ, ਬਾਠਾਂ, ਗਲੜ੍ਹੀਆ, ਮੁਰਾਦਪੁਰ, ਸਹੋੜਾ ਕੰਡੀ, ਖਿਜਰਪੁਰ, ਚੰਗੜਵਾਂ, ਰੈਲੀ, ਰੌਲੀ, ਝੀਰ ਦਾ ਖੂਹ, ਚੌਧਰੀ ਦਾ ਬਾਗ ਸਣੇ ਦਰਜਨਾਂ ਪਿੰਡਾਂ ਵਿੱਚ ਇਸ ਦੀ ਮਾਰ ਕਿਸਾਨਾਂ ਨੂੰ ਝੱਲਣੀ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਪੀਆਰ 131 ਕਿਸਮ ਬੀਜਣ ਵਾਲੇ ਕਿਸਾਨਾਂ ਨੂੰ ਪਟਿਆਲਾ ਦੀ ਤਰਜ ’ਤੇ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕਿਸਾਨਾਂ ਦੀ ਨੁਕਸਾਨੀ ਫਸਲ ਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਤਿੱਖਾ ਅੰਦੋਲਨ ਵਿੱਢ ਦਿੱਤਾ ਜਾਵੇਗਾ।
ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਾਉਣ ਦਾ ਭਰੋਸਾ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਉਹ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦੁਆਉਣ ਲਈ ਸਰਕਾਰ ਨੂੰ ਰਿਪੋਰਟ ਭੇਜਣਗੇ। ਉਨ੍ਹਾਂ ਤੁਰੰਤ ਜ਼ਿਲ੍ਹਾ ਖੇਤੀ ਅਧਿਕਾਰੀ ਨੂੰ ਨੁਕੁਸਾਨੇ ਰਕਬੇ ਦਾ 2 ਦਿਨਾਂ ਅੰਦਰ ਸਰਵੇ ਕਰਕੇ ਰਿਪੋਰਟ ਭੇਜਣ ਦੇ ਹੁਕਮ ਦਿੱਤੇ। ਇਸ ਉਪਰੰਤ ਕਿਸਾਨਾਂ ਨੇ ਜ਼ਿਲ੍ਹਾ ਮੁੱਖ ਖੇਤੀ ਅਧਿਕਾਰੀ ਦਪਿੰਦਰ ਸਿੰਘ ਸੰਧੂ ਨਾਲ ਵੀ ਮੁਲਾਕਾਤ ਕੀਤੀ। ਖੇਤੀ ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਸਰਵੇ ਤੁਰੰਤ ਸ਼ੁਰੂ ਕਰਵਾਇਆ ਜਾਵੇਗਾ ਅਤੇ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਅਨਾਉਂਸਮੈਂਟ ਕਰਕੇ ਕਿਸਾਨਾਂ ਕੋਲੋਂ ਸੰਪੂਰਨ ਜਾਣਕਾਰੀ ਇਕੱਤਰ ਕੀਤੀ ਜਾਵੇਗੀ।