ਚੇਅਰਮੈਨ ਟੀਨੂੰ ਦੇ ਸੰਗਤ ਦਰਸ਼ਨ ਕਾਰਨ ਸਿਆਸਤ ਗਰਮਾਈ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 14 ਜੁਲਾਈ
ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਆਦਮਪੁਰ ਦੇ ਨਵੇਂ ਬਣੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵੱਲੋਂ ਭੋਗਪੁਰ ਵਿੱਚ ਸੰਗਤ ਦਰਸ਼ਨ ਕਰਨ ਦੇ ਮਾਮਲੇ ’ਚ ਸਿਆਸਤ ਭਖ ਗਈ ਹੈ। ਉਨ੍ਹਾਂ ਦੇ ਮੁੱਖ ਵਿਰੋਧੀ ਹਲਕਾ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਨੇ ਟੀਨੂੰ ਦੇ ਸੰਗਤ ਦਰਸ਼ਨ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟੀਨੂੰ ਹੁਣ ਸੰਗਤ ਦਰਸ਼ਨ ਬਹਾਨੇ ਡਰਾਮੇਬਾਜ਼ੀ ਕਰ ਕੇ ਵੋਟਰਾਂ ਦਾ ਹੱਥ ਫੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਚੇਅਰਮੈਨ ਟੀਨੂੰ ਭੋਗਪੁਰ ਵਿੱਚ ਲੱਗ ਰਹੇ ਸੀਐੱਨਜੀ ਬਾਇਓ ਗੈਸ ਪਲਾਂਟ ਨੂੰ ਬੰਦ ਕਰਾਉਣ ਲਈ ਬਣੀ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਕੰਪਨੀ ਦੇ ਵਿਰੁੱਧ ਪਲਾਂਟ ਵਿੱਚ ਬਿਜਲੀ ਚੋਰੀ ਦੀ ਸ਼ਿਕਾਇਤ ਨੂੰ ਹੱਲ ਕਰਵਾਏ। ਇਸ ਸ਼ਿਕਾਇਤ ਬਾਰੇ ਚੇਅਰਮੈਨ ਟੀਨੂੰ ਨੇ ਕਿਹਾ ਕਿ ਪਲਾਂਟ ਵਿੱਚ ਬਿਜਲੀ ਚੋਰੀ ਵਾਲੀ ਸ਼ਿਕਾਇਤ ਝੂਠੀ ਨਿਕਲੀ ਹੈ। ਟੀਨੂੰ ਨੇ ਕਿਹਾ ਕਿ ਕੋਟਲੀ ਨੇ ਵਿਧਾਇਕ ਬਣਨ ਤੋਂ ਬਾਅਦ ਇਲਾਕੇ ਦੀ ਕੋਈ ਵੀ ਸਮੱਸਿਆ ਹੱਲ ਨਹੀਂ ਕੀਤੀ ਸਗੋਂ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਸੰਘਰਸ਼ ਦੇ ਨਾਂ ’ਤੇ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂਆਂ ’ਤੇ ਦੋ ਦੋ ਸਖ਼ਤ ਧਰਾਵਾਂ ਵਾਲੇ ਕੇਸ ਦਰਜ ਕਰਵਾਏ ਹਨ।