ਬਲਾਕ ਭੋਗਪੁਰ ਨੂੰ ਖ਼ਤਮ ਕਰਨ ਨਾਲ ਸਿਆਸਤ ਭਖ਼ੀ
ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਬੀਡੀਪੀਓ ਬਲਾਕ ਦੇ 31 ਪਿੰਡ ਬਲਾਕ ਕਰਤਾਰਪੁਰ ਵਿੱਚ ਅਤੇ 52 ਪਿੰਡ ਬਲਾਕ ਆਦਮਪੁਰ ਨਾਲ ਜੋੜ ਕੇ ਬਲਾਕ ਸੰਮਤੀ ਦੀ ਚੋਣ ਵਿੱਚ ਬਲਾਕ ਭੋਗਪੁਰ ਦਾ ਨਾਮੋ ਨਿਸ਼ਾਨ ਮਿਟਾ ਕੇ 1962 ਵਿੱਚ ਬਣੇ ਬੀਡੀਪੀਓ ਬਲਾਕ ਭੋਗਪੁਰ ਦਾ ਭੋਗ ਪਾ ਦਿੱਤਾ ਹੈ। ਇਸ ਕਰ ਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਇਲਾਕੇ ਦੇ ਵੱਖ-ਵੱਖ ਵਰਗਾਂ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਕਿ ਬਲਾਕ ਭੋਗਪੁਰ ਦੇ 52 ਪਿੰਡ ਦਾ ਪ੍ਰਬੰਧਕੀ ਕੰਮ ਕਾਜ ਬਲਾਕ ਭੋਗਪੁਰ ਵਿੱਚ ਹੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ‘ਆਪ’ ਨੇ ਬਲਾਕ ਭੋਗਪੁਰ ਨੂੰ ਖ਼ਤਮ ਕਰ ਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ 30 ਤੋਂ 40 ਕਿਲੋਮੀਟਰ ਦੂਰ ਜਾਂ ਬਲਾਕ ਆਦਮਪੁਰ ਜਾਂ ਬਲਾਕ ਭੋਗਪੁਰ ਜਾਣਾ ਪਵੇਗਾ।
ਬਾਅਦ ਵਿੱਚ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸੀਨੀਅਰ ਕਾਂਗਰਸੀ ਆਗੂ ਰਾਮ ਲੁਭਾਇਆ, ਕਿਸਾਨ ਆਗੂ ਗੁਰਦੀਪ ਸਿੰਘ ਚੱਕ ਝੱਡੂ, ਵਿਸ਼ਾਲ ਬਹਿਲ, ਯਾਗੋਸ਼ ਅਰੋੜਾ ਨੇ ਕਿਹਾ ਕਿ ਸੰਘਰਸ਼ ਦੇ ਨਾਲ-ਨਾਲ ਉਹ ਸਰਕਾਰ ਵੱਲੋਂ ਮੰਗੇ ਬਲਾਕ ਸੰਮਤੀ ਦੇ ਬਣੇ ਜ਼ੋਨਾਂ ਬਾਰੇ ਮੰਗੇ ਇਤਰਾਜ਼ 30 ਅਗਸਤ ਤੋਂ ਪਹਿਲਾਂ ਦੇਣ ਜਾ ਰਹੇ ਹਨ।
ਬਲਾਕ ਦੀ ਹੋਂਦ ਨਾਲ ਕੋਈ ਛੇੜਖਾਨੀ ਨਹੀਂ ਕੀਤੀ: ਟੀਨੂੰ
ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਅਤੇ ‘ਆਪ’ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਨੇ 18 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਸਪਸ਼ਟ ਕੀਤਾ ਕਿ ਬਲਾਕ ਭੋਗਪੁਰ ਦੀ ਹੋਂਦ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਲਾਕ ਸਮਿਤੀ ਤਾਕਤਹੀਣ ਸੰਵਿਧਾਨਕ ਸੰਗਠਨ ਹੈ। ਇਸ ਨੂੰ ਕਿਸੇ ਵੀ ਬਲਾਕ ਨਾਲ ਜੋੜਨ ਨਾਲ ਪੰਚਾਇਤਾਂ ’ਤੇ ਕੋਈ ਅਸਰ ਨਹੀਂ ਪੈਂਦਾ।