ਸ਼ੱਕੀ ਹਾਲਾਤ ’ਚ ਸਰਵਿਸ ਰਾਈਫਲ ਦੀ ਗੋਲੀ ਚੱਲਣ ਨਾਲ ਪੁਲੀਸ ਹਵਾਲਦਾਰ ਦੀ ਮੌਤ
ਪਠਾਨਕੋਟ ਦੇ ਚੱਕੀ ਪੁਲ ’ਤੇ ਡਿਊਟੀ ਦੌਰਾਨ ਸ਼ੱਕੀ ਹਾਲਾਤ ਵਿੱਚ ਗੋਲੀ ਲੱਗਣ ਨਾਲ ਇੱਕ ਪੁਲੀਸ ਹਵਾਲਦਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵੀਰ ਪਾਲ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਸਾਰ ਥਾਣਾ ਡਵੀਜ਼ਨ ਨੰਬਰ 2 ਦੇ ਮੁਖੀ ਮਨਦੀਪ ਸਲਗੋਤਰਾ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਹਵਾਲਦਾਰ ਬਲਵੀਰ ਪਾਲ ਸਿੰਘ ਨੂੰ ਤੁਰੰਤ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਐਸਐਚਓ ਸਲਗੋਤਰਾ ਨੇ ਦੱਸਿਆ ਕਿ ਬਲਵੀਰ ਪਾਲ ਸਿੰਘ 80 ਬਟਾਲੀਅਨ ਪੀਏਪੀ ਜਲੰਧਰ ਵਿੱਚ ਤਾਇਨਾਤ ਸੀ ਪਰਦ ਫਿਲਹਾਲ ਅਮਰਨਾਥ ਯਾਤਰਾ ਨਾਲ ਸਬੰਧਤ ਸੁਰੱਖਿਆ ਪ੍ਰਬੰਧਾਂ ਲਈ ਪਠਾਨਕੋਟ ਦੇ ਚੱਕੀ ਪੁਲ ’ਤੇ ਸਥਿਤ ਪੁਲੀਸ ਚੈੱਕ ਪੋਸਟ ’ਤੇ ਡਿਊਟੀ ਦੇ ਰਿਹਾ ਸੀ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਜ ਸਵੇਰੇ ਵੀ ਹਵਾਲਦਾਰ ਬਲਬੀਰ ਸਿੰਘ ਡਿਊਟੀ ’ਤੇ ਸੀ ਅਤੇ ਜਿਉਂ ਹੀ ਉਸ ਨੇ ਆਪਣੀ ਰਾਈਫਲ ਸਾਫ਼ ਕਰਨੀ ਸ਼ੁਰੂ ਕੀਤੀ ਤਾਂ ਬੰਦੂਕ ਵਿੱਚੋਂ ਗੋਲੀ ਚੱਲ ਗਈ ਤੇ ਇਹ ਬਲਵੀਰ ਸਿੰਘ ਦੇ ਸਿਰ ਵਿੱਚ ਵੱਜੀ। ਜਦੋਂ ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਮੁਖੀ ਨੇ ਦੱਸਿਆ ਕਿ ਪੋਸਟ ਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਅਤੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।