ਪੁਲੀਸ ਵੱਲੋਂ ਅਖ਼ਬਾਰਾਂ ਵਾਲੇ ਵਾਹਨਾਂ ਦੀ ਚੈਕਿੰਗ
ਅਖਬਾਰਾਂ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਨੂੰ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ’ਤੇ ਲੱਗੇ ਨਾਕੇ ਉੱਤੇ ਚੈਕਿੰਗ ਦੀ ਆੜ ਹੇਠ ਰੋਕੇ ਜਾਣ ਕਾਰਨ ਅਖਬਾਰਾਂ ਦੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ। ਸਪਲਾਈ ਨਾ ਹੋਣ ਕਾਰਨ ਪਠਾਨਕੋਟ ਸ਼ਹਿਰ ਵਿੱਚ ਪਾਠਕਾਂ ਨੂੰ ਅਖਬਾਰਾਂ 10 ਵਜੇ ਤੱਕ ਨਹੀਂ ਮਿਲ ਸਕੀਆਂ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਚੰਬਾ ਅਤੇ ਜੰਮੂ ਨੂੰ ਜਾਣ ਵਾਲੀ ‘ਦਿ ਟ੍ਰਿਬਿਊਨ’ ਸਮੂਹ ਦੇ ਅਖ਼ਬਾਰਾਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਪੁਲੀਸ ਅਧਿਕਾਰੀ ਵਾਹਨ ਰੋਕਣ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਅਤੇ ਗੱਲ ਕਰਨ ਤੋਂ ਕੰਨੀ ਕਤਰਾਉਂਦੇ ਰਹੇ। ਇਸ ਸਬੰਧੀ ਅੱਜ ਸਵੇਰੇ 5:30 ਵਜੇ ਸਬੰਧਤ ਥਾਣਾ ਨੰਗਲ ਭੂਰ ਦੇ ਥਾਣਾ ਮੁਖੀ ਦਵਿੰਦਰ ਕਾਸ਼ਨੀ ਨਾਲ ਜਦ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਗੱਲ ਤੋਂ ਆਪਣੇ-ਆਪ ਨੂੰ ਅਨਜਾਣ ਦੱਸਦਿਆਂ ਕਿਹਾ, ‘‘ਮੈਂ ਜਲਦੀ ਨਾਕੇ ’ਤੇ ਸੰਪਰਕ ਕਰਕੇ ਤੁਹਾਨੂੰ ਦੱਸਦਾ ਹਾਂ।’’ ਉਸ ਤੋਂ ਅੱਧਾ ਘੰਟਾ ਬਾਅਦ ਜਦ ਮੁੜ ਉਨ੍ਹਾਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਾਕੇ ਉਪਰ ਪੁਲੀਸ ਮੁਲਾਜ਼ਮ ਭੇਜ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਕੋਈ ਵਾਹਨ ਨਹੀਂ ਛੱਡਿਆ ਗਿਆ। ਜਦੋਂ ਮੁੜ ਸਾਢੇ ਛੇ ਵਜੇ ਉਨ੍ਹਾਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਮੈਸੇਜ਼ ਲਿਖ ਦਿੱਤਾ, ‘‘ਮੈਂ ਥੋੜ੍ਹੀ ਦੇਰ ਬਾਅਦ ਗੱਲ ਕਰਦਾ ਹਾਂ।’’ ਇਸ ਤੋਂ ਬਾਅਦ ਉਨ੍ਹਾਂ ਫੋਨ ਚੁੱਕਣਾ ਹੀ ਮੁਨਾਸਿਬ ਨਹੀਂ ਸਮਝਿਆ। ਅਖੀਰ ‘ਦਿ ਟ੍ਰਿਬਿਊਨ’ ਸਮੂਹ ਦੇ ਅਖ਼ਬਾਰਾਂ ਦੀ ਸਪਲਾਈ ਪੌਣੇ 8 ਵਜੇ ਪਠਾਨਕੋਟ ਪੁੱਜੀ ਜਦਕਿ ਚੰਬਾ ਅਤੇ ਜੰਮੂ ਵਾਲੀਆਂ ਗੱਡੀਆਂ ਅੱਠ ਵਜੇ ਤੋਂ ਬਾਅਦ ਪਠਾਨਕੋਟ ਤੋਂ ਰਵਾਨਾ ਹੋਈਆਂ। ਪਠਾਨਕੋਟ ਦੇ ਪਾਠਕਾਂ ਨੇ ਪੁਲੀਸ ਪ੍ਰਸ਼ਾਸਨ ਦੇ ਇਸ ਰਵੱਈਏ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਨੂੰ ਅਖਬਾਰਾਂ ’ਤੇ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ।
ਲੋਕਾਂ ਦੀ ਆਵਾਜ਼ ਨਹੀਂ ਦਬਾ ਸਕਦੇ: ਵਿਧਾਇਕ
ਫਗਵਾੜਾ (ਜਸਬੀਰ ਚਾਨਾ): ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਪ੍ਰਧਾਨ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ’ਤੇ ਅਖ਼ਬਾਰਾਂ ਦੀ ਸਪਲਾਈ ਬੰਦ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਅੱਧੀ ਰਾਤ ਦਰਮਿਆਨ ਜਲੰਧਰ, ਲੁਧਿਆਣਾ, ਗੁਰਦਾਸਪੁਰ ਅਤੇ ਬਠਿੰਡਾ ’ਚ ਕਈ ਥਾਵਾਂ ’ਤੇ ਤਲਾਸ਼ੀ ਦੇ ਨਾਮ ’ਤੇ ਅਖ਼ਬਾਰਾਂ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਨੂੰ ਰੋਕਣ, ਡਰਾਈਵਰਾਂ ਦੇ ਮੋਬਾਈਲ ਫੋਨ ਖੋਹਣ ਤੇ ਵਾਹਨਾਂ ਨੂੰ ਜਬਰੀ ਥਾਣਿਆਂ ’ਚ ਲਿਜਾਣ ਦੀਆਂ ਘਟਨਾਵਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਖ਼ਬਾਰਾਂ ਦੀ ਸਪਲਾਈ ਬੰਦ ਕਰਕੇ ਲੋਕਾਂ ਦੀ ਆਵਾਜ਼ ਨਹੀਂ ਦਬਾ ਸਕਦੇ। ਇਹ ਅਜੀਬੋ-ਗਰੀਬ ਘਟਨਾਵਾਂ ਆਮ ਆਦਮੀ ਪਾਰਟੀ ਤੇ ਸੂਬਾ ਸਰਕਾਰ ਦੀ ਨਿਰਾਸ਼ਾ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਖ਼ਬਾਰਾਂ ਨੂੰ ਡਰਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਗੁਮਰਾਹ ਕੀਤਾ ਜਾ ਸਕੇ ਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਸਕੇ ਤੇ ਸਰਕਾਰ ਦੀ ਕੋਈ ਵੀ ਆਲੋਚਨਾ ਪ੍ਰਕਾਸ਼ਿਤ ਕਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਹੈ ਕਿ 92 ਵਿਧਾਇਕਾਂ ਨਾਲ ਸੱਤਾ ’ਚ ਆਈ ਇਸ ਸਰਕਾਰ ਵਿਰੁੱਧ ਲੋਕਾਂ ’ਚ ਡੂੰਘੀ ਨਾਰਾਜ਼ਗੀ ਹੈ। ਉਨ੍ਹਾਂ ਪੰਜਾਬੀਆਂ ਤੇ ਖਾਸ ਕਰਕੇ ਤਰਨ ਤਾਰਨ ਦੇ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ 11 ਨਵੰਬਰ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਢੁਕਵਾਂ ਸਬਕ ਸਿਖਾਉਣ।
