ਪੋਕਲੇਨ ਮਸ਼ੀਨ ਦਾ ਅਪਰੇਟਰ ਸ਼ੱਕੀ ਹਾਲਾਤ ’ਚ ਲਾਪਤਾ
ਹਲਕਾ ਭੋਆ ਦੇ ਪਿੰਡ ਗੱਜੂ ਜਗੀਰ ’ਚ ਰਾਵੀ ਦਰਿਆ ਨੇੜੇ ਅੱਜ ਸਵੇਰੇ ਸ਼ੱਕੀ ਹਾਲਾਤ ਵਿੱਚ ਪੋਕਲੇਨ ਮਸ਼ੀਨ ਦਾ ਅਪਰੇਟਰ ਲਾਪਤਾ ਹੋ ਗਿਆ ਹੈ। ਉਸ ਦਾ ਨਾਂ ਮਨਦੀਪ ਸਿੰਘ ਵਾਸੀ ਜਾਗੋਚੱਕ ਟਾਂਡਾ ਦੱਸਿਆ ਜਾ ਰਿਹਾ ਹੈ। ਮਸ਼ੀਨ ਦੇ ਮੁਨਸ਼ੀ ਅਨੁਸਾਰ ਸੰਤੁਲਨ ਵਿਗੜਨ ’ਤੇ ਮਸ਼ੀਨ ਦੇ ਪਲਟ ਜਾਣ ਕਾਰਨ ਅਪਰੇਟਰ ਮਸ਼ੀਨ ਹੇਠਾਂ ਦੱਬ ਗਿਆ ਹੈ ਜਦੋਂਕਿ ਅਪਰੇਟਰ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਐੱਨਡੀਆਰਐੱਫ ਅਤੇ ਗੋਤਾਖੋਰ ਲਾਸ਼ ਲੱਭਣ ਵਿੱਚ ਜੁਟੇ ਹੋਏ ਹਨ ਪਰ ਸ਼ਾਮ ਤੱਕ ਲਾਸ਼ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਜਾਣਕਾਰੀ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਮਨਦੀਪ ਸਿੰਘ ਮਸ਼ੀਨ ਚਲਾਉਣ ਦੀ ਰਾਤ ਦੀ ਡਿਊਟੀ ਲਈ ਦਰਿਆ ਕੋਲ਼ ਪੁੱਜਾ ਸੀ। ਉਹ ਸਵੇਰੇ ਕਰੀਬ ਸੱਤ ਵਜੇ ਤੱਕ ਕੰਮ ਖ਼ਤਮ ਕਰ ਕੇ ਘਰ ਵਾਪਸ ਜਾਂਦਾ ਸੀ ਪਰ ਅੱਜ ਸਵੇਰੇ ਉਹ ਘਰ ਨਹੀਂ ਪੁੱਜਾ। ਕਈ ਵਾਰ ਫੋਨ ਕਰਨ ਦੇ ਬਾਵਜੂਦ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਪਰਿਵਾਰ ਮੈਂਬਰ ਦਰਿਆ ਕੋਲ਼ ਪੁੱਜੇ ਜਿੱਥੇ ਮਸ਼ੀਨ ਦੇ ਮੁਨਸ਼ੀ ਨੇ ਦੱਸਿਆ ਕਿ ਅਚਾਨਕ ਦਰਿਆ ਵਿੱਚ ਪਾਣੀ ਦੇ ਬਹਾਅ ਕਾਰਨ ਪੋਕਲੇਨ ਮਸ਼ੀਨ ਦਾ ਸੰਤੁਲਨ ਵਿਗੜ ਗਿਆ ਤੇ ਮਸ਼ੀਨ ਪਲਟ ਗਈ। ਇਸ ਦੌਰਾਨ ਮਨਦੀਪ ਸਿੰਘ ਮਸ਼ੀਨ ਥੱਲੇ ਦਬ ਗਿਆ। ਇਹ ਜਾਣਕਾਰੀ ਮਿਲਣ ਮਗਰੋਂ ਪਰਿਵਾਰ ਨੇ ਪੁਲੀਸ ਨੂੰ ਬੁਲਾਇਆ। ਡੀਐੱਸਪੀ ਸੁਖਜਿੰਦਰ ਸਿੰਘ ਥਾਪਰ ਅਤੇ ਥਾਣਾ ਮੁਖੀ ਅੰਗਰੇਜ ਸਿੰਘ ਘਟਨਾ ਵਾਲੀ ਥਾਂ ’ਤੇ ਪੁੱਜੇ। ਪੁਲੀਸ ਅਧਿਕਾਰੀਆਂ ਨੇ ਪਰਿਵਾਰ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ।