ਕੰਢੀ ’ਚ ਸੂਰਾਂ ਤੇ ਬਾਂਦਰਾਂ ਵੱਲੋਂ ਮੱਕੀ ਦੀ ਫ਼ਸਲ ਬਰਬਾਦ
ਕਿਸਾਨ ਖੇਤਾਂ ’ਚ ਬਣਾਈਆਂ ਠਾਹਰਾਂ ’ਚ ਕੱਟਣ ਲਈ ਮਜਬੂਰ
Advertisement
ਕੰਢੀ ਦੇ ਪਿੰਡਾਂ ਵਿੱਚ ਜੰਗਲੀ ਸੂਰਾਂ ਤੇ ਬਾਂਦਰਾਂ ਵੱਲੋਂ ਨੁਕਸਾਨੀ ਜਾ ਰਹੀ ਮੱਕੀ ਦੀ ਫ਼ਸਲ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਿਸਾਨ ਇਸ ਖਰਾਬ ਮੌਸਮ ’ਚ ਵੀ ਰਾਤਾਂ ਖੇਤਾਂ ਵਿੱਚ ਬਣਾਈਆਂ ਠਾਹਰਾਂ ਵਿੱਚ ਕੱਟਣ ਲਈ ਮਜਬੂਰ ਹਨ।ਪਿੰਡ ਮੈਰਾ ਜੱਟਾਂ ਦੇ ਕਿਸਾਨ ਰੁਪਾਲ ਸਿੰਘ ਤੇ ਅਰਪਣ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸੜਕ ਕਿਨਾਰੇ ਖੜ੍ਹੀ ਮੱਕੀ ਦੀ ਫਸਲ ਵੀ ਸੂਰ ਤਬਾਹ ਕਰਦੇ ਜਾ ਰਹੇ ਹਨ। ਕੰਢੀ ਵਿੱਚ ਪਹਿਲਾਂ ਹੀ ਸੀਮਤ ਕਿਸਾਨ ਖੇਤੀ ਕਰਦੇ ਹਨ ਅਤੇ ਜੋ ਕਰਦੇ ਹਨ, ਉਨ੍ਹਾਂ ਦੇ ਪੱਲੇ ਵੀ ਮਹਿੰਗੇ ਖਰਚੇ ਕਰ ਕੇ ਕੁਝ ਨਹੀਂ ਪੈ ਰਿਹਾ। ਸ਼ੁਰੂਆਤੀ ਦੌਰ ਵਿੱਚ ਹੀ ਮੱਕੀ ਨੂੰ ਪਈ ਸੁੰਡੀ ਕਾਰਨ ਪਹਿਲਾਂ ਹੀ ਉਹ ਭਾਰੀ ਨੁਕਸਾਨ ਝੱਲ ਚੁੱਕੇ ਹਨ ਅਤੇ ਹੁਣ ਮਹਿੰਗੀਆਂ ਸਪਰੇਆਂ ਤੇ ਖਾਦ ਆਦਿ ਪਾ ਕੇ ਤਿਆਰ ਹੋਈ ਮੱਕੀ ਦੀ ਫ਼ਸਲ ਨੂੰ ਸੂਰਾਂ ਨੇ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਝੁੰਡਾਂ ਦੇ ਰੂਪ ਵਿੱਚ ਆਉਂਦੇ ਸੂਰ ਮੱਕੀ ਦੀ ਫਸਲ ਖਾਂਦੇ ਘੱਟ ਹਨ, ਪਰ ਤਬਾਹ ਜ਼ਿਆਦਾ ਕਰ ਜਾਂਦੇ ਹਨ। ਇਨ੍ਹਾਂ ਨੂੰ ਰੋਕਣ ਵਾਲੇ ਕਿਸਾਨਾਂ ਨੂੰ ਵੀ ਆਪਣੀ ਜਾਨ ਦਾ ਖਤਰਾ ਰਹਿੰਦਾ ਹੈ। ਕੁਝ ਥਾਵਾਂ ’ਤੇ ਬਾਂਦਰ ਵੀ ਮੱਕੀ ਦੀਆਂ ਛੱਲੀਆਂ ਤਬਾਹ ਕਰਦੇ ਹਨ।
ਕੰਢੀ ਨਸ਼ਾ ਮੁਕਤ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਭਾਸ਼ ਸਿੰਘ ਤੇ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਕੰਢੀ ਦੇ ਕਈ ਪਿੰਡਾਂ ’ਚ ਕਿਸਾਨ ਪਹਿਲਾਂ ਹੀ ਪਾਣੀ ਦੀ ਅਣਹੋਂਦ, ਜੰਗਲੀ ਤੇ ਅਵਾਰਾ ਜਾਨਵਰਾਂ ਵੱਲੋਂ ਕੀਤੀ ਜਾਂਦੀ ਬਰਬਾਦੀ ਕਾਰਨ ਖੇਤੀ ਤੋਂ ਕਿਨਾਰਾ ਕਰ ਗਏ ਹਨ ਪਰ ਹੁਣ ਰੱਕੜੀ, ਮੈਰਾ ਜੱਟਾਂ, ਬਹਿ ਮਾਵਾ, ਬਹਿਲੱਖਣ, ਭਾਟੀ ਸ਼ੱਕਰ ਕੌਰ, ਬਹਿ ਫੱਤੋ, ਬਹਿ ਚੂਹੜ, ਨੁਸ਼ਹਿਰਾ, ਬਹਿ ਦੂਲੋਂ ਸਮੇਤ ਕਰੀਬ 3 ਦਰਜਨ ਪਿੰਡਾਂ ਦੇ ਕਿਸਾਨਾਂ ਦੀ ਕੰਢੇ ’ਤੇ ਆਈ ਫ਼ਸਲ ਜੰਗਲੀ ਸੂਰ ਅਤੇ ਜੰਗਲੀ ਬਾਂਦਰ ਤਬਾਹ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਕਿ ਨੁਕਸਾਨੀ ਜਾ ਰਹੀ ਮੱਕੀ ਦੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕੰਢੀ ਦੇ ਕਿਸਾਨ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਸਕਣ।
Advertisement
Advertisement