ਕੁੱਝ ਘੰਟਿਆਂ ਦੇ ਮੀਂਹ ਮਗਰੋਂ ਫਗਵਾੜਾ ਜਲ-ਥਲ
ਇੱਥੇ ਅੱਜ ਤੜਕੇ ਤੋਂ ਸ਼ੁਰੂ ਹੋਏ ਮੀਂਹ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਜਲ-ਥਲ ਕਰ ਦਿੱਤਾ। ਸ਼ਹਿਰ ਦੇ ਪ੍ਰਮੁੱਖ ਇਲਾਕੇ ਪਾਣੀ ਨਾਲ ਭਰ ਗਏ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਘੰਟਿਆਂ ਤੱਕ ਪਾਣੀ ਸੜਕਾਂ ’ਤੇ ਖੜ੍ਹਾ ਰਿਹਾ ਤੇ ਲੋਕ ਮੀਂਹ ਦੇ ਪਾਣੀ ’ਚੋਂ ਲੰਘਣ ਲਈ ਮਜਬੂਰ ਹੋਏ। ਲੋਕ ਨਾਕਸ ਪ੍ਰਬੰਧਾਂ ਲਈ ਨਗਰ ਨਿਗਮ ਨੂੰ ਕੋਸਦੇ ਨਜ਼ਰ ਆਏ।
ਅੱਜ ਪਏ ਮੀਂਹ ਕਾਰਨ ਅਰਬਨ ਅਸਟੇਟ, ਪ੍ਰੇਮਪੁਰਾ, ਪੁਰਾਣਾ ਡਾਕਖਾਨਾ ਰੋਡ, ਬੰਗਾ ਰੋਡ, ਸਰਾਏ ਰੋਡ, ਗਊਸ਼ਾਲਾ ਰੋਡ, ਖੇੜਾ ਰੋਡ, ਪਲਾਹੀ ਰੋਡ, ਹਦੀਆਬਾਦ, ਸੁਭਾਸ਼ ਨਗਰ, ਸਿਵਲ ਹਸਪਤਾਲ, ਚੱਢਾ ਮਾਰਕੀਟ ਤੇ ਹੋਰ ਇਲਾਕੇ ਪਾਣੀ ਨਾਲ ਭਰ ਗਏ। ਕਈ ਥਾਵਾਂ ’ਤੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ’ਚ ਦਾਖ਼ਲ ਹੋ ਗਿਆ ਤੇ ਕਿਸੇ ਪਾਸੇ ਵੀ ਪਾਣੀ ਦੀ ਨਿਕਾਸੀ ਨਾ ਹੋ ਸਕੀ। ਲੋਕਾਂ ਮੁਤਾਬਕ ਨਗਰ ਨਿਗਮ ਦਾ ਕੰਮ ਸਿਰਫ਼ ਦਾਅਵਿਆਂ ਤੱਕ ਹੀ ਸੀਮਿਤ ਹੈ, ਜਦਕਿ ਨਿਗਮ ਬਣੇ ਨੂੰ ਕਿੰਨਾ ਸਮਾਂ ਹੋ ਚੁੱਕਾ ਹੈ ਪਰ ਸ਼ਹਿਰ ਦੀ ਹਾਲਾਤ ਸੁਧਾਰਨ ਦੀ ਬਜਾਏ ਦਿਨੋਂ-ਦਿਨ ਵਿਗੜ ਰਹੇ ਹਨ। ਲੋਕਾਂ ਨੇ ਕਿਹਾ ਕਿ ਸ਼ਹਿਰ ’ਚ ਨਾਲੇ ਲੰਬੇ ਸਮੇਂ ਤੋਂ ਬੰਦ ਪਏ ਹਨ, ਨਿਗਮ ਅਧਿਕਾਰੀ ਸਿਰਫ਼ ਖਾਨਾਪੂਰਤੀ ਕਰਕੇ ਵਾਪਸ ਚੱਲੇ ਜਾਂਦੇ ਹਨ ਜਿਸ ਦਾ ਖਮਿਆਜ਼ਾ ਆਮ ਲੋਕ ਤੇ ਦੁਕਾਨਦਾਰ ਭੁਗਤ ਰਹੇ ਹਨ।
ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਸੜਕਾਂ ਦੀ ਵੀ ਹਾਲਤ ਖਰਾਬ ਹੋ ਰਹੀ ਹੈ। ਲੋਕਾਂ ਨੇ ਕਿਹਾ ਕਿ ਟੁੱਟੀਆਂ ਸੜਕਾ ਤਾਂ ਪਹਿਲਾਂ ਹੀ ਨਹੀਂ ਬਣ ਰਹੀਆਂ ਤੇ ਜੇਕਰ ਇਹ ਹੋਰ ਖਰਾਬ ਹੋ ਗਈਆਂ ਤਾਂ ਇਨ੍ਹਾਂ ਤੋਂ ਲੰਘਣਾ ਹੋਰ ਵੀ ਔਖਾ ਹੋ ਜਾਵੇਗਾ। ਲੋਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਸ਼ਹਿਰ ’ਚ ਪਾਣੀ ਦੀ ਨਿਕਾਸੀ ਲਈ ਬੰਦ ਪਏ ਸੀਵਰੇਜ ਤੇ ਨਾਲਿਆਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ ਤਾਂ ਜੋ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ।
ਮੀਂਹ ਕਾਰਨ ਕਿਸਾਨ ਫਿਕਰਮੰਦ
ਫਿਲੌਰ (ਪੱਤਰ ਪ੍ਰੇਰਕ): ਸਵੇਰ ਤੋਂ ਰੁਕ-ਰੁਕ ਕੇ ਮੀਂਹ ਪੈਣ ਨਾਲ ਆਮ ਲੋਕਾਂ ਨੂੰ ਹੁਮਸ ਭਰੇ ਮੌਸਮ ਤੋਂ ਰਾਹਤ ਮਿਲੀ ਹੈ, ਉਥੇ ਕਿਸਾਨਾਂ ਲਈ ਆਫ਼ਤ ਬਣੀ ਰਹੀ। ਖੇਤਾਂ ਵਿੱਚ ਖੜੀ ਝੋਨੇ ਦੀ ਫ਼ਸਲ ਕਾਰਨ ਕਿਸਾਨ ਫ਼ਿਕਰਾਂ ’ਚ ਰਹੇ। ਇਨ੍ਹਾਂ ਦਿਨਾਂ ’ਚ ਹੋਰ ਰਹੀ ਬਰਸੀਮ ਦੀ ਬਿਜਾਈ ਦਾ ਵੀ ਨੁਕਸਾਨ ਹੋ ਗਿਆ ਹੈ। ਖੇਤਾਂ ’ਚ ਪਾਣੀ ਖੜਨ ਨਾਲ ਇਸ ਦੀ ਬਿਜਾਈ ਦੁਬਾਰਾ ਕਰਨੀ ਪਵੇਗੀ। ਇਸ ਤੋਂ ਪਹਿਲਾਂ ਵੀ ਹੜ੍ਹਾਂ ਕਾਰਨ ਪਸ਼ੂਆਂ ਦੀ ਖੁਰਾਕ ਵਜੋਂ ਵਰਤੇ ਜਾ ਰਹੇ ਅਚਾਰ ਦੀ ਕਿੱਲਤ ਹੋ ਗਈ ਅਤੇ ਹੁਣ ਚਾਰੇ ਦੀ ਅਗਲੀ ਫ਼ਸਲ ਲੇਟ ਹੋ ਜਾਵੇਗੀ। ਉਧਰ ਮੰਡੀਆਂ ਵਿੱਚ ਝੋਨਾ ਨਾ ਵਿਕਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਵੱਖਰੇ ਤੌਰ ’ਤੇ ਕਰਨਾ ਪਵੇਗਾ। ਪਹਾੜਾਂ ਵਿੱਚ ਹੋਈ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਨਮੀ ਵਧਣ ਨਾਲ ਝੋਨੇ ਦੀ ਖਰੀਦ ਵੀ ਪ੍ਰਭਾਵਿਤ ਹੋਵੇਗੀ। ਕਿਸਾਨਾਂ ਦੇ ਨਾਲ ਨਾਲ ਆੜ੍ਹਤੀਆਂ ਅਤੇ ਦੁਕਾਨਦਾਰਾਂ ਨੂੰ ਵੀ ਇਸ ਦੀ ਮਾਰ ਪਵੇਗੀ।