ਫਗਵਾੜਾ ਨਿਗਮ ਦੀ ਮੀਟਿੰਗ ਪੰਜ ਮਿੰਟ ’ਚ ਖ਼ਤਮ
ਇਥੋਂ ਦੇ ਨਗਰ ਨਿਗਮ ਦੀ ਹੋਈ ਚੌਥੀ ਮੀਟਿੰਗ ਮਹਿਜ਼ ਪੰਜ ਮਿੰਟਾਂ ’ਚ ਸਮਾਪਤ ਕਰ ਦਿੱਤੀ ਗਈ ਜਿਸ ਕਾਰਨ ਕੌਂਸਲਰਾਂ ’ਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਕੌਂਸਲਰਾਂ ਨੇ ਦੋਸ਼ ਲਾਇਆ ਕਿ ਨਿਗਮ ਪ੍ਰਬੰਧਕ ਆਪਣੇ ਨਾਦਰਸ਼ਾਹੀ ਵਤੀਰੇ ਨਾਲ ਕੰਮ ਕਰਕੇ ਲੋਕਾਂ ਦੇ ਹਿੱਤਾ ਦਾ ਘਾਣ ਕਰ ਰਹੀ ਹੈ। ਆਪ ਦੇ ਮੇਅਰ ਰਾਮਪਾਲ ਉੱਪਲ ਦੀ ਪ੍ਰਧਾਨਗੀ ਹੇਠ ਮੀਟਿੰਗ ਸ਼ੁਰੂ ਹੋਈ ਜਿਸ ’ਚ ਕਰੀਬ 21 ਮੁੱਦੇ ਸ਼ਾਮਲ ਸਨ ਜਦੋਂ ਕੌਂਸਲਰ ਸੰਜੀਵ ਬੁੱਗਾ, ਜਤਿੰਦਰ ਵਰਮਾਨੀ, ਬੰਟੀ ਵਾਲੀਆ, ਵੀਨੂੰ, ਸੁਸ਼ੀਲ ਮੈਣੀ, ਮੁਨੀਸ਼ ਪ੍ਰਭਾਕਰ ਨੇ ਪਾਸ ਕੀਤੇ ਕੰਮਾਂ ਦੀ ਜਾਣਕਾਰੀ ਪੁੱਛੀ ਤਾਂ ਉਹ ਉੱਠ ਕੇ ਤੁਰ ਪਏ। ਇਸ ਮੌਕੇ ਕੌਂਸਲਰਾਂ ਵਲੋਂ ਨਾਅਰੇਬਾਜ਼ੀ ਸ਼ੁਰੂ ਕੀਤੀ ਗਈ ਤੇ ਮੇਅਰ ’ਤੇ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਏ ਗਏ। ਇਨ੍ਹਾਂ ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਬਰਸਾਤਾਂ ਕਾਰਨ ਸ਼ਹਿਰ ਦੇ ਨਾਲੇ ਬੰਦ ਪਏ ਹਨ। ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਸੜਕਾ ਬੁਰੀ ਤਰ੍ਹਾਂ ਟੁੱਟ ਗਈਆਂ ਹਨ ਪਰ ਨਿਗਮ ਅਧਿਕਾਰੀ ਇਸ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਮੇਅਰ ਤੇ ਕਮਿਸ਼ਨਰ ਨੇ ਆਪੋ-ਆਪਣੇ ਕਮਰੇ 10-10 ਲੱਖ ਰੁਪਏ ਤੋਂ ਵੱਧ ਖਰਚ ਕਰਕੇ ਰਿਪੇਅਰ ਕਰ ਲਏ ਹਨ।
ਵਾਰਡਾਂ ਦਾ ਕੰਮ ਨਿਰਪੱਖਤਾ ਨਾਲ ਕੀਤਾ ਜਾ ਰਿਹਾ: ਮੇਅਰ
ਨਗਰ ਨਿਗਮ ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਮੀਟਿੰਗ ’ਚ 22 ਮਤੇ ਰੱਖੇ ਗਏ ਸਨ ਤੇ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ ਹਨ। ਸ਼ਹਿਰ ਦੇ ਵਿਕਾਸ ਕੰਮ ਦੀਵਾਲੀ ਤੋਂ ਪਹਿਲਾਂ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਲਾਈਟਾਂ ਦਾ ਕੰਮ ਦੀਵਾਲੀ ਤੱਕ ਮੁਕੰਮਲ ਹੋ ਜਾਵੇਗਾ। ਮੇਅਰ ਨੇ ਕਿਹਾ ਕਿ 50 ਵਾਰਡਾ ਦਾ ਕੰਮ ਨਿਰਪੱਖਤਾ ਨਾਲ ਕੀਤਾ ਜਾ ਰਿਹਾ ਹੈ।