ਲਗਾਤਾਰ ਮੀਂਹ ਨਾਲ ਫਗਵਾੜਾ ਸ਼ਹਿਰ ਜਲਥਲ
ਫਗਵਾੜਾ ਸ਼ਹਿਰ ਅੱਜ ਤੜਕੇ ਤਿੰਨ ਵਜੇ ਤੋਂ ਲਗਾਤਾਰ ਹੋ ਪੈ ਰਹੇ ਮੀਂਹ ਕਾਰਨ ਰਹੀ ਬਾਰਿਸ਼ ਕਾਰਨ ਪੂਰੀ ਤਰ੍ਹਾਂ ਜਲਥਲ ਹੋ ਗਿਆ। ਕਈ ਘੰਟਿਆਂ ਤੱਕ ਤੇਜ਼ ਮੀਂਹ ਨੇ ਸ਼ਹਿਰ ਦੀ ਹਾਲਤ ਖਰਾਬ ਕਰ ਦਿੱਤੀ।
ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਅਰਬਨ ਅਸਟੇਟ, ਪ੍ਰੇਮਪੁਰਾ, ਪੁਰਾਣਾ ਡਾਕਖਾਨਾ ਰੋਡ, ਬੰਗਾ ਰੋਡ, ਸਰਾਏ ਰੋਡ, ਗਊਸ਼ਾਲਾ ਰੋਡ, ਖੇੜਾ ਰੋਡ, ਪਲਾਹੀ ਰੋਡ, ਹਦੀਆਬਾਦ, ਸੁਭਾਸ਼ ਨਗਰ ਅਤੇ ਸਿਵਲ ਹਸਪਤਾਲ ਵਰਗੇ ਅਹਿਮ ਇਲਾਕੇ ਪਾਣੀ ਨਾਲ ਭਰ ਗਏ।
ਮੀਂਹ ਦਾ ਪਾਣੀ ਘਰਾਂ ਤੇ ਦੁਕਾਨਾਂ ਵਿੱਚ ਵੜ ਗਿਆ, ਜਿਸ ਨਾਲ ਦੁਕਾਨਦਾਰਾਂ ਦਾ ਨੁਕਸਾਨ ਵੀ ਹੋਇਆ।
ਲੋਕਾਂ ਦਾ ਕਹਿਣਾ ਹੈ ਕਿ ਪਾਣੀ ਜਮ੍ਹਾਂ ਹੋਣ ਕਾਰਨ ਸੜਕਾਂ ਦੀ ਹਾਲਤ ਹੋਰ ਵੀ ਖਰਾਬ ਹੋ ਰਹੀ ਹੈ ਤੇ ਸੜਕਾਂ ਪਹਿਲਾਂ ਹੀ ਟੁੱਟੀਆਂ ਪਈਆਂ ਹਨ।
ਸਥਾਨਕ ਲੋਕਾਂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਵੱਲੋਂ ਸਿਰਫ਼ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ਵਿੱਚ ਪਾਣੀ ਨਿਕਾਸੀ ਲਈ ਕੋਈ ਯੋਜਨਾ ਨਹੀਂ ਹੈ। ਕਈ ਸਾਲਾਂ ਤੋਂ ਬੰਦ ਪਏ ਨਾਲਿਆਂ ਅਤੇ ਸੀਵਰੇਜ ਦੀ ਨਾ ਤਾਂ ਮੁਰੰਮਤ ਕੀਤੀ ਗਈ ਹੈ ਅਤੇ ਨਾ ਹੀ ਸਫਾਈ। ਇਸ ਲਾਪਰਵਾਹੀ ਕਾਰਨ ਹਰ ਬਾਰਿਸ਼ ਵਿੱਚ ਆਮ ਲੋਕਾਂ ਅਤੇ ਵਪਾਰੀਆਂ ਨੂੰ ਖੁਮਿਆਜ਼ਾ ਭੁਗਤਣਾ ਪੈਂਦਾ ਹੈ।
ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਬੰਦ ਪਏ ਨਾਲਿਆਂ ਅਤੇ ਸੀਵਰੇਜ ਲਾਈਨਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ ਤਾਂ ਜੋ ਪਾਣੀ ਨਿਕਾਸੀ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾ ਸਕੇ।