ਲੋਕਾਂ ਵੱਲੋਂ ਮਾਹਿਲਪੁਰ ਥਾਣੇ ਦੇ ਬਾਹਰ ਨਾਅਰੇਬਾਜ਼ੀ
ਮਾਹਿਲਪੁਰ ਸ਼ਹਿਰ ਦੇ ਮੁੱਖ ਚੌਕ ਵਿੱਚ ਬੀਤੀ ਰਾਤ ਦਸਹਿਰਾ ਮੇਲਾ ਦੇਖ ਕੇ ਪਰਤ ਰਹੇ ਲੋਕਾਂ ’ਤੇ ਟਰੈਕਟਰ ਚੜ੍ਹਾਉਣ ਅਤੇ ਭੀੜ ਵਿੱਚ ਹੜਦੁੰਗ ਮਚਾਉਣ ਦੇ ਮਾਮਲੇ ’ਚ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਲੋਕਾਂ ਅੱਜ ਬਾਅਦ ਦੁਪਹਿਰ ਮੁੜ ਪੁਲੀਸ ਸਟੇਸ਼ਨ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਵੱਡੀ ਗਿਣਤੀ ’ਚ ਇਕੱਤਰ ਹੋਏ ਲੋਕਾਂ ਨੇ ਬੀਤੀ ਰਾਤ ਵੀ ਹੁਸ਼ਿਆਰਪੁਰ- ਚੰਡੀਗੜ੍ਹ ਰੋਡ ’ਤੇ ਆਵਾਜਾਈ ਠੱਪ ਕਰ ਦਿੱਤੀ ਸੀ ਅਤੇ ਪੁਲੀਸ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਲਾਇਆ ਸੀ। ਇਸ ਕਾਰਨ ਚੰਡੀਗੜ੍ਹ, ਹੁਸ਼ਿਆਰਪੁਰ ਅਤੇ ਫਗਵਾੜਾ ਰੋਡ ’ਤੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸਨ। ਇਸ ਮੌਕੇ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਇੱਕ ਟਰੈਕਟਰ ਚਾਲਕ ਵੱਲੋਂ ਲਾਪਰਵਾਹੀ ਨਾਲ ਟਰੈਕਟਰ ਚਲਾ ਕੇ ਹੁੜਦੰਗ ਮਚਾਇਆ ਗਿਆ ਜਿਸ ਕਰਕੇ ਲੋਕਾਂ ਵਿੱਚ ਭਗਦੜ ਮੱਚ ਗਈ। ਲੋਕਾਂ ਨੇ ਦੋਸ਼ ਲਾਇਆ ਕਿ ਇਸ ਘਟਨਾ ਤੋਂ ਬਾਅਦ ਕਰੀਬ ਦੋ ਸੋ ਮੀਟਰ ਦੂਰੀ ’ਤੇ ਸਥਿਤ ਪੁਲੀਸ ਸਟੇਸ਼ਨ ਤੋਂ ਕੋਈ ਵੀ ਪੁਲੀਸ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਿਆ। ਇਸ ਕਰਕੇ ਲੋਕਾਂ ਵੱਲੋਂ ਸਾਢੇ ਅੱਠ ਤੋਂ ਪੌਣੇ ਗਿਆਰਾਂ ਵਜੇ ਤੱਕ ਟਰੈਫਿਕ ਜਾਮ ਕਰ ਦਿੱਤਾ ਗਿਆ। ਇਸ ਉਪਰੰਤ ਐੱਸ ਐੱਚ ਓ ਮਾਹਿਲਪੁਰ ਜੈਪਾਲ ਨੇ ਧਰਨਾਕਾਰੀਆਂ ਨੂੰ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਦਾ ਭਰੋਸਾ ਦਿਵਾਇਆ ਤਾਂ ਲੋਕਾਂ ਨੇ ਆਪਣਾ ਧਰਨਾ ਖਤਮ ਕੀਤਾ। ਅੱਜ ਕਾਰਵਾਈ ਦੀ ਮੰਗ ਲਈ ਪੁੱਜੇ ਪ੍ਰਦਰਸ਼ਨਕਾਰੀਆਂ ਅਤੇ ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਪੁਲੀਸ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ ਤੇ ਉਨ੍ਹਾਂ ਨੂੰ ਹੀ ਜ਼ਲੀਲ ਕੀਤਾ ਜਾ ਰਿਹਾ ਹੈ। ਇਸ ਮੌਕੇ ਐੱਸਐੱਚਓ ਮਾਹਿਲਪੁਰ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਕਾਰਵਾਈ ਕਰ ਰਹੇ ਹਨ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।