ਪੌਂਗ ਡੈਮ ’ਚ ਪਾਣੀ ਮੁੜ ਵਧਣ ਕਾਰਨ ਲੋਕਾਂ ਦੇ ਸਾਹ ਸੂਤੇ
ਪੌਂਗ ਡੈਮ ਵਿੱਚ ਅੱਜ ਮੁੜ ਪਾਣੀ ਵਧਣ ਕਾਰਨ ਲੋਕਾਂ ਦੇ ਸਾਹ ਸੂਤੇ ਗਏ ਹਨ। ਪੌਂਗ ਡੈਮ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਰ ਸ਼ਾਮ 5 ਵਜੇ 72214 ਕਿਊਸਿਕ ਆਮਦ ਦਰਜ ਕੀਤੀ ਗਈ ਹੈ ਅਤੇ ਅੱਗੇ 109876 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1391.28 ਫੁੱਟ ਦਰਜ ਕੀਤਾ ਗਿਆ ਹੈ, ਜਿਸ ਵਿੱਚ ਆਉਣ ਵਾਲੇ ਸਮੇਂ ਅੰਦਰ ਵਾਧਾ ਹੋਣ ਦੇ ਸੰਕੇਤ ਹਨ। ਪਿੰਡ ਮਹਿਤਾਬਪੁਰ ਦੇ ਨੰਬਰਦਾਰ ਬਹਾਦਰ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਘਟਣ ਕਾਰਨ ਪਿੰਡ ਵਿਚੋਂ ਵਗ ਰਿਹਾ ਪਾਣੀ ਘੱਟ ਹੋਣ ਨਾਲ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਸੀ, ਪਰ ਹੁਣ ਪੱਧਰ ਵਧਣ ਕਾਰਨ ਮੁੜ ਡਰ ਲੱਗਣ ਲੱਗਾ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਦਾ ਚਾਰਾ ਤਾਂ ਪਹਿਲਾਂ ਹੀ ਨਹੀਂ ਮਿਲ ਰਿਹਾ, ਸਗੋਂ ਹੁਣ ਰਹਿੰਦੀ ਫਸਲ ਵਿੱਚ ਵੀ ਚੱਲ ਰਹੇ ਪਾਣੀ ਕਾਰਨ ਨੁਕਸਾਨ ਦਾ ਖਤਰਾ ਸਤਾ ਰਿਹਾ ਹੈ।‘ਖਨਣ ਰੋਕੋ, ਜ਼ਮੀਨ ਬਚਾਓ’ ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਘ ਨੇ ਇਨ੍ਹਾਂ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਲਈ ਗੈਰਕਾਨੂੰਨੀ ਮਾਈਨਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਨੂੰ ਕਥਿਤ ਸਿਆਸੀ ਤੇ ਪ੍ਰਸ਼ਾਸਨਿਕ ਪੁਸ਼ਤ ਪਨਾਹੀ ਮਿਲੀ ਹੋਈ ਹੈ।
ਿਪਛਲੇ 37 ਸਾਲਾਂ ’ਚ ਧੁੱਸੀ ਬੰਨ੍ਹ ਨਹੀਂ ਬਣਾ ਸਕੀਆਂ ਸਰਕਾਰਾਂ
ਮੁਕੇਰੀਆਂ (ਜਗਜੀਤ ਸਿੰਘ): ਬੀਤੇ 37 ਸਾਲਾਂ ਵਿੱਚ ਸਮੇਂ ਦੀਆਂ ਸਰਕਾਰਾਂ ਧਮੋਤਿਆਂ ਤੋਂ ਟੇਰਕਿਆਣਾ ਤੱਕ ਬਿਆਸ ਦਰਿਆ ਕਿਨਾਰੇ ਕਰੀਬ 22 ਕਿਲੋਮੀਟਰ ਪੈਂਦਾ ਧੁੱਸੀ ਬੰਨ੍ਹ ਨਹੀਂ ਬਣਾ ਸਕੀਆਂ, ਜਿਸ ਕਾਰਨ ਹਰ ਵਾਰ ਦੇ ਹੜ੍ਹਾਂ ਨਾਲ ਦਰਿਆ ਕਿਨਾਰੇ ਵਾਲੇ ਕਰੀਬ 4 ਦਰਜਨ ਪਿੰਡਾਂ ਦਾ ਹਜ਼ਾਰਾਂ ਏਕੜ ਫਸਲੀ ਨੁਕਸਾਨ ਹੁੰਦਾ ਹੈ। ਇਹ ਸਵਾਲ ਉਸ ਵੇਲੇ ਵੱਡਾ ਹੋਣ ਲੱਗਾ ਹੈ ਜਦੋਂ 2023 ਵਿੱਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਬਾਕੀ ਹੈ ਅਤੇ 2025 ਵਿੱਚ ਮੁੜ ਲੋਕ ਹੜ੍ਹ ਨਾਲ ਝੰਬੇ ਗਏ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਗੁਰਨੇਕ ਸਿੰਘ ਭੱਜਲ ਤੇ ਜਿਲ੍ਹਾ ਪ੍ਰਧਾਨ ਕਾਮਰੇਡ ਆਸ਼ਾ ਨੰਦ ਨੇ ਕਿਹਾ ਕਿ ਹੜ੍ਹ ਕੁਦਰਤੀ ਆਫ਼ਤ ਘੱਟ ਸਰਕਾਰਾਂ ਦੀ ਨਾਕਾਮੀ ਵੱਧ ਨਜ਼ਰ ਆ ਰਹੇ ਹਨ। ਹਰ ਵੇਰ ਬਿਆਸ ਦਰਿਆ ਕਿਨਾਰੇ ਵਸੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਨੁਕਸਾਨੀ ਜਾਂਦੀ ਹੈ। ਦੌਰਿਆਂ ’ਤੇ ਆਉਂਦੇ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਵੱਡੇ ਭਰੋਸੇ ਦਿੰਦੇ ਹਨ, ਪਰ ਹਕੀਕਤ ਵਿੱਚ ਬਿਆਸ ਦਰਿਆ ਵਿੱਚ ਆਉਂਦੇ ਹੜ੍ਹਾਂ ਦੀ ਮਾਰ ਝੱਲ ਰਹੇ ਪਿੰਡ ਧਮੋਤਿਆਂ ਤੋਂ ਟੇਰਕਿਆਣਾ ਤੱਕ ਜ਼ਿਲ੍ਹੇ ਦੇ ਕਰੀਬ 50 ਪਿੰਡ ਦੇ ਕਿਸਾਨਾਂ ਦੇ ਸਾਹ ਸੂਤੇ ਰਹਿੰਦੇ ਹਨ। ਸਾਲ 1988 ਵਿੱਚ ਆਏ ਹੜ੍ਹਾਂ ਦੌਰਾਨ ਸੂਬੇ ਅੰਦਰ ਰਾਸ਼ਟਰਪਤੀ ਰਾਜ ਲੱਗਾ ਹੋਇਆ ਸੀ ਅਤੇ ਹਲਕੇ ਦੇ ਵਿਧਾਇਕ ਡਾ. ਕੇਵਲ ਕ੍ਰਿਸ਼ਨ 1992 ਵਿੱਚ ਜਿੱਤ ਪ੍ਰਾਪਤ ਕਰਕੇ ਖ਼ਜ਼ਾਨਾ ਮੰਤਰੀ ਬਣੇ ਸਨ ਜਿਨ੍ਹਾਂ ਨੇ ਧੁੱਸੀ ਬੰਨ੍ਹ ਦਾ ਕੁਝ ਕੰਮ ਕਰਵਾਇਆ ਸੀ, ਪਰ ਇਸ ਤੋਂ ਬਾਅਦ ਤਾਂ ਮੁਰੰਮਤ ਦੇ ਨਾਮ ’ਤੇ ਕਥਿਤ ਫੰਡ ਹੀ ਖਪਾਏ ਗਏ ਹਨ।
ਉੱਘੇ ਸਮਾਜ ਸੇਵੀ ਮੋਤਲਾ ਦੇ ਵਾਸੀ ਰਾਮਪਾਲ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਹਰ ਵਾਰ ਹੜ੍ਹਾਂ ਦੌਰਾਨ ਲੋਕਾਂ ਨੂੰ ਧੁੱਸੀ ਬੰਨ੍ਹ ਬਣਾਉਣ ਦਾ ਭਰੋਸਾ ਦਿੰਦੀਆਂ ਹਨ, ਪਰ ਹਕੀਕੀ ਤੌਰ ’ਤੇ 1988 ਵਿੱਚ ਆਏ ਹੜ੍ਹਾਂ ਨਾਲ ਨੁਕਸਾਨੀ ਧੁੱਸੀ ਬੰਨ੍ਹ ਦੀ ਸਮਰੱਥਾ ਵਧਾਉਣ ਵੱਲ ਕਦੇ ਧਿਆਨ ਨਹੀਂ ਦਿੱਤਾ। ਹਲਕੇ ਤੋਂ ਕਾਂਗਰਸੀ ਵਿਧਾਇਕ ਡਾ. ਕੇਵਲ ਕ੍ਰਿਸ਼ਨ ਨੇ ਮੋਤਲਾ ਤੇ ਕੋਲੀਆਂ ਸਮੇਤ ਮਹਿਤਾਬਪੁਰ ਵਿੱਚ ਧੁੱਸੀ ਬੰਨ੍ਹ ਵੀ ਬਣਾਇਆ ਸੀ ਅਤੇ ਸਟੱਡ ਵੀ ਲਗਵਾਏ ਸਨ। ਪਰ ਉਸ ਤੋਂ ਬਾਅਦ ਆਈਆਂ ਸਰਕਾਰਾਂ ਨੇ ਧੁੱਸੀ ਬੰਨ੍ਹ ਦੀ ਲੰਬਾਈ ਵਧਾਉਣ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ। ਸਰਕਾਰਾਂ ਤੇ ਪ੍ਰਸਾਸ਼ਨ ਪਿੰਡ ਮੋਤਲਾ ਤੋਂ ਮਹਿਤਾਬਪੁਰ ਤੱਕ ਬਣੀ ਕਰੀਬ 3 ਕਿਲੋਮੀਟਰ ਧੁੱਸੀ ਨੂੰ ਮੁਰੰਮਤ ਕਰਨ ਨੂੰ ਹੀ ਵੱਡਾ ਕਾਰਜ਼ ਦੱਸਦਾ ਰਿਹਾ ਹੈ। ਇਸ ਵਾਰ ਆਏ ਹੜ੍ਹਾ ਨਾਲ ਪਿੰਡ ਮੋਤਲਾ ਦੀ ਕਰੀਬ 700 ਏਕੜ ਫਸਲ ਨੁਕਸਾਨੀ ਗਈ ਹੈ, ਜਿਸ ਵਿੱਚੋਂ ਕਰੀਬ 400 ਏਕੜ ਬਿੱਲਕੁੱਲ ਤਬਾਹ ਹੋ ਗਈ ਹੈ। ਪਿੰਡ ਮਹਿਤਾਬਪੁਰ ਦੇ ਨੰਬਰਦਾਰ ਬਹਾਦਰ ਸਿੰਘ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਹਰ ਸਾਲ ਪੌਣਾ ਕਿਲੋਮੀਟਰ ਧੁੱਸੀ ਬੰਨ੍ਹ ਵੀ ਬਣਾਉਂਦੀ ਤਾਂ ਹੁਣ ਤੱਕ ਕਰੀਬ 50 ਪਿੰਡਾਂ ਦੇ ਲੋਕ ਸੁਖੀ ਹੋਣੇ ਸਨ। ਹੜ੍ਹ ਕਾਰਨ ਪਿੰਡ ਮਹਿਤਾਬਪੁਰ ਦੀ ਕੁੱਲ 2223 ਏਕੜ ਵਿੱਚੋਂ 1800 ਏਕੜ ਫਸਲ ਨੁਕਸਾਨੀ ਗਈ ਹੈ, ਜਿਸ ਵਿੱਚੋਂ 1000 ਏਕੜ ਤਬਾਹ ਹੋ ਗਈ ਹੈ। ਇਸੇ ਤਰਾਂ ਨੁਸ਼ਿਹਰਾ ਪੱਤਣ ਤੇ ਕਲੋਤਾ ਆਦਿ ਸਮੇਤ ਹੋਰ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸਰਕਾਰ ਇਸ ਵਾਰ ਵੀ ਹੜ੍ਹਾਂ ਨਾਲ ਹੋਏ ਭਾਰੀ ਨੁਕਸਾਨ ਤੋਂ ਸਬਕ ਲੈ ਕੇ ਧੁੱਸੀ ਬੰਨ੍ਹ ਦਾ ਨਿਰਮਾਣ ਕਰਵਾਉਣਾ ਸ਼ੁਰੂ ਕਰੇ ਤਾਂ ਕਿਸਾਨ ਬਣਦਾ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਹਟਣਗੇ।