ਰੇਲਵੇ ਫਾਟਕ ਮੁੜ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ
ਪਿੰਡ ਮੁਠੱਡਾ ਕਲਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਮੰਡੀ ਝੋਨਾ ਲੈ ਕੇ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਤਬੇਵਾਲ ਅਤੇ ਡੱਲੇਵਾਲ ਪਿੰਡ ਵਿੱਚ ਦੀ ਟਰਾਲੀਆਂ ਲੰਘਾਉਣੀਆਂ ਔਖੀਆਂ ਹੋ ਜਾਂਦੀਆਂ ਹਨ। ਇਸ ਫਾਟਕ ਨਾਲ ਸਬੰਧਤ ਆਲੇ ਦੁਆਲੇ ਦੇ ਕਈ ਪਿੰਡ ਜੁੜੇ ਹੋਏ ਹਨ, ਜਿਨ੍ਹਾਂ ਨੂੰ ਅੱਜ ਦਿਨ ਭਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਦੇ ਪ੍ਰਬੰਧਕ ਸੁਖਦੀਪ ਸਿੰਘ ਨੇ ਕਿਹਾ ਕਿ ਸਕੂਲ ਦੇ ਬੱਚੇ ਦਸ ਮਿੰਟ ਵੀ ਲੇਟ ਹੋ ਜਾਣ ਤਾਂ ਮਾਪਿਆਂ ਨੂੰ ਫਿਕਰ ਪੈ ਜਾਂਦੇ ਹਨ ਜਿਸ ਕਾਰਨ ਰੇਲਵੇ ਨੂੰ ਕੁਝ ਦਿਨ ਪਹਿਲਾਂ ਫਾਟਕ ਬੰਦ ਕਰਨ ਬਾਰੇ ਦੱਸਣਾ ਚਾਹੀਦਾ ਸੀ। ਪਿੰਡ ਦੁਸਾਂਝ ਖੁਰਦ ਦੇ ਸਾਬਕਾ ਸਰਪੰਚ ਹਰਜਿੰਦਰ ਕੁਮਾਰ ਨੇ ਕਿਹਾ ਕਿ ਜੇ ਰੇਲਵੇ ਦੇ ਅਧਿਕਾਰੀ ਸਮੇਂ ਸਿਰ ਦਸ ਦਿੰਦੇ ਤਾਂ ਕੁਤਬੇਵਾਲ ਵਾਲੀ ਸੜਕ ’ਤੇ ਲਿਖ ਕੇ ਲਗਾਇਆ ਜਾ ਸਕਦਾ ਸੀ ਕਿ ਅੱਗੇ ਫਾਟਕ ਬੰਦ ਹੈ। ਇਸ ਸਬੰਧੀ ਭੱਟੀਆਂ ਦੇ ਸਟੇਸ਼ਨ ਮਾਸਟਰ ਰਾਜ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਨੂੰ ਫਾਟਕ ਬੰਦ ਕਰਨ ਦਾ ਸੁਨੇਹਾ ਆਇਆ ਸੀ, ਜਿਸ ਕਰਕੇ ਸੂਚਿਤ ਨਹੀਂ ਕੀਤਾ ਜਾ ਸਕਿਆ।
