ਸੀਵਰੇਜ ਦੀਆਂ ਤਕਨੀਕੀ ਖਾਮੀਆਂ ਤੋਂ ਲੋਕ ਔਖੇ
ਟਾਂਡਾ ਤੋਂ ਗੜ੍ਹਦੀਵਾਲ ਨੂੰ ਜਾਂਦੀ ਪ੍ਰਮੁੱਖ ਸੜਕ ’ਤੇ ਤਿੰਨ ਮਹੀਨਿਆਂ ਤੋਂ ਮੁਹੱਲਾ ਗੋਬਿੰਦ ਨਗਰ ਵਿੱਚ ਪੈ ਰਿਹਾ ਸੀਵਰੇਜ ਮੁਹੱਲਾ ਨਿਵਾਸੀਆਂ ਅਤੇ ਰਾਹਗੀਰਾਂ ਲਈ ਸਿਰਦਰਦੀ ਦਾ ਕਾਰਨ ਬਣਿਆ ਪਿਆ ਹੈ। ਇੱਥੇ ਹੋ ਰਹੇ ਕੰਮ ਵੱਲ ਨਾ ਤਾਂ ਸਬੰਧਤ ਠੇਕੇਦਾਰ ਅਤੇ ਨਾ ਹੀ ਸੀਵਰੇਜ ਬੋਰਡ ਦੇ ਅਧਿਕਾਰੀ ਗੰਭੀਰ ਹਨ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇੱਥੇ ਸੜਕ ਵਿਚਕਾਰ ਸੀਵਰੇਜ ਲਈ ਬਣਾਈਆਂ ਗਈਆਂ ਕਈ ਹੋਦੀਆਂ ਦਾ ਲੈਵਲ ਸੜਕ ਤੋਂ ਕਾਫੀ ਉੱਚਾ ਹੈ। ਲੱਗਦਾ ਹੈ ਕਿ ਸਾਰਾ ਕੰਮ ਕਿਸੇ ਸਾਈਟ ਇੰਜਨੀਅਰ ਦੀ ਨਿਗਰਾਨੀ ਤੋਂ ਬਿਨਾਂ ਅਤੇ ਲਾਪ੍ਰਵਾਹੀ ਨਾਲ ਕੀਤਾ ਹੋਣ ਕਰਕੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਤਕਨੀਕੀ ਖਾਮੀਆਂ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪਵੇਗਾ। ਸੜਕ ’ਤੇ ਬਣਾਈਆਂ ਗਈਆਂ ਕਈ ਹੋਦੀਆਂ ’ਤੇ ਢੱਕਣ ਹੀ ਨਹੀਂ ਦਿੱਤੇ ਗਏ, ਜਿਸ ਕਾਰਨ ਕਿਸੇ ਵੇਲੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਹ ਮਾਮਲਾ ਵਾਰ-ਵਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਹੱਲ ਨਹੀਂ ਹੋ ਰਿਹਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੁਲਾਈ ਮਹੀਨੇ ਵਿੱਚ ਜਦੋਂ ਇਸ ਸੜਕ ’ਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਵੀ ਮੁਹੱਲਾ ਵਾਸੀਆਂ ਨੇ ਇਥੇ ਛੋਟੀਆਂ ਪਾਈਪਾਂ ਪੈਣ ਕਾਰਨ ਕੰਮ ਦਾ ਵਿਰੋਧ ਕੀਤਾ ਸੀ ਪਰ ਉਸ ਸਮੇਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਇੱਥੇ ਇਨ੍ਹਾਂ ਪਾਈਪਾਂ ਦਾ ਹੀ ਨਕਸ਼ਾ ਪਾਸ ਹੋ ਕੇ ਆਇਆ ਹੈ। ਜਦਕਿ ਇਸੇ ਸੜਕ ’ਤੇ ਪਹਿਲਾਂ ਜੋ ਸੀਵਰੇਜ ਦੇ ਪਾਈਪ ਪਏ ਗਏ ਸਨ ਉਹ ਵੱਡੇ ਸਨ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਥੇ ਪੈ ਰਹੇ ਸੀਵਰੇਜ ਦੀ ਜਾਂਚ ਕੀਤੀ ਜਾਵੇ।